ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਯੂਕੇ ਵਿੱਚ ਇੱਕ ਅਜਿਹੇ ਆਦਮੀ ਨੂੰ ਜੇਲ੍ਹ ਭੇਜਿਆ ਗਿਆ ਹੈ, ਜਿਸਨੇ ਨਕਲੀ ਪੁਲਿਸ ਅਫਸਰ ਬਣ ਕੇ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਕੰਬਰੀਆ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਦੀ ਵਰਦੀ ਪਾਏ ਹੋਏ 44 ਸਾਲਾਂ ਗੈਰੀ ਸ਼ੈਫਰਡ ਨੇ ਮੰਗਲਵਾਰ ਸ਼ਾਮ ਨੂੰ ਕਰੀਬ 6.30 ਵਜੇ ਬੈਰੋ ਦੇ ਇੱਕ ਕਾਰ ਪਾਰਕ ਵਿੱਚ ਇੱਕ ਔਰਤ ਦੇ ਕੋਲ ਪਹੁੰਚ ਕੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਲੈਣ -ਦੇਣ ਦੇ ਲਈ ਗ੍ਰਿਫਤਾਰ ਕਰ ਰਿਹਾ ਹੈ। ਪਰ ਪੁਲਿਸ ਦੇ ਅਨੁਸਾਰ ਮਹਿਲਾ ਦੁਆਰਾ ਮੱਦਦ ਮੰਗਣ ‘ਤੇ ਇੱਕ ਹੋਰ ਨਾਗਰਿਕ ਦੁਆਰਾ ਸ਼ੈਫਰਡ ਨਾਲ ਗੱਲਬਾਤ ਕਰਨ ‘ਤੇ ਉਹ ਉੱਥੋਂ ਚਲਾ ਗਿਆ। ਇਸ ਮਾਮਲੇ ਵਿੱਚ ਬੈਰੋ ਦੇ ਐਬੇ ਰੋਡ ਦੇ ਰਹਿਣ ਵਾਲੇ ਸ਼ੈਫਰਡ ਨੂੰ ਵੀਰਵਾਰ ਨੂੰ ਬੈਰੋ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇੱਕ ਨਕਲੀ ਪੁਲਿਸ ਅਫਸਰ ਬਨਣ ਲਈ ਦੋਸ਼ੀ ਮੰਨਿਆ ਗਿਆ। ਪੁਲਿਸ ਅਨੁਸਾਰ ਸ਼ੈਫਰਡ ਨੇ ਸ਼ੁਰੂ ਵਿੱਚ ਗ੍ਰੀਨਗੇਟ ਕਾਰ ਪਾਰਕਿੰਗ ਦੇ ਖੇਤਰ ਵਿੱਚ ਹੋਣ ਤੋਂ ਇਨਕਾਰ ਕੀਤਾ ਪਰ ਆਪਣੀ ਦੂਜੀ ਪੁਲਿਸ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਉਸਦੀ ਕਾਰਵਾਈ ਇੱਕ ਮਜ਼ਾਕ ਸੀ। ਇਸ ਦੋਸ਼ ਲਈ ਉਸਨੂੰ 22 ਹਫਤਿਆਂ ਲਈ ਜੇਲ੍ਹ ਦੇ ਨਾਲ 85 ਪੌਂਡ ਦਾ ਜੁਰਮਾਨਾ ਲਗਾਇਆ ਗਿਆ ਅਤੇ 128 ਪੌਂਡ ਦੀ ਲਾਗਤ ਅਦਾ ਕਰਨ ਦਾ ਆਦੇਸ਼ ਵੀ ਦਿੱਤਾ ਗਿਆ।
Boota Singh Basi
President & Chief Editor