ਰਾਜਨੀਤਕ ਪਾਰਟੀਆਂ ਪੰਜਾਬ ਅਤੇ ਪੰਜਾਬੀ ਪ੍ਰਤੀ ਸੁਹਿਰਦ ਹੋਣ-ਕੇਂਦਰੀ ਪੰਜਾਬੀ ਲੇਖਕ ਸਭਾ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਢੇਗੀ ਭਾਸ਼ਾ ਜਾਗਰੂਕਤਾ ਮੁਹਿੰਮ

0
244

ਬਾਬਾ ਬਕਾਲਾ ਸਾਹਿਬ 31 ਅਕਤੂਬਰ

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਦਿਵਸ ਮੌਕੇ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਜਾਰੀ ਬਿਆਨ ਵਿਚ ਕਥਾਕਾਰ ਦੀਪ ਦੇਵਿੰਦਰ ਸਿੰਘ ਕਿਹਾ ਕਿ ਇਹ ਤਲਖ ਹਕੀਕਤ ਹੈ ਕਿ 1 ਨਵੰਬਰ 1966 ਨੂੰ ਨਿਰੋਲ ਭਾਸ਼ਾ ਦੇ ਅਧਾਰ ਉੱਤੇ ਕਾਇਮ ਹੋਏ ਇਸ ਸੂਬੇ ਨੂੰ ਛੇ ਦਹਾਕੇ ਬੀਤਣ ਦੇ ਬਾਵਜੂਦ ਵੀ ਨਾ ਆਪਣੀ ਰਾਜਧਾਨੀ ਅਤੇ ਨਾ ਹੀ ਆਪਣੀ ਹਾਈਕੋਰਟ ਨਸੀਬ ਹੋਈ ਹੈ । ਭਾਸ਼ਾ ਐਕਟ ਅੰਦਰ ਚੋਰ ਮੋਰੀਆਂ ਹੋਣ ਕਰਕੇ ਅਫਸਰ ਸਾਹੀ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਿਆਂ ਦਫਤਰੀ ਕੰਮ ਕਾਜ ਪੰਜਾਬੀ ਵਿਚ ਕਰਨ ਤੋਂ ਕੰਨੀ ਕਤਰਾਉਂਦੀ ਹੈ। ਉਹਨਾਂ ਪੰਜਾਬ ਦੇ ਦਰਿਆਈ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਅਤੇ ਪੰਜਾਬ ਦੇ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਵਰਗੇ ਜ਼ਮੀਨੀ ਮਸਲਿਆਂ ਦਾ ਸਿਆਸੀਕਰਨ ਕਰਨ ਬਾਰੇ ਕਿਹਾ ਕਿ ਹੁਣ ਤੱਕ ਦੀ ਸ਼ਾਸਨ ਵਿਵਸਥਾ ਵੱਲੋਂ ਸੂਬੇ ਨੂੰ ਦਰਪੇਸ਼ ਚੁਣੌਤੀਆਂ ਦਾ ਸਾਰਥਕ ਹੱਲ ਦੇਣ ਦੀ ਬਜਾਇ ਨਵੀਆਂ ਬੇਲੋੜੀਆਂ ਸਮੱਸਿਆਵਾਂ ਨੂੰ ਹੀ ਧਰਾਤਲ ਪ੍ਰਦਾਨ ਕੀਤਾ ਗਿਆ ਹੈ ਜਾਂ ਸਮੱਸਿਆ ਨੂੰ ਨਾਸੂਰ ਬਣਾ ਦੇਣ ਲਈ ਬੇਲੋੜੀ ਦੇਰ ਕੀਤੀ ਗਈ ਹੈ। ਸਿਆਸੀ ਪਾਰਟੀਆਂ ਨੇ ਪੰਜਾਬ ਪ੍ਰਤੀ ਸੁਹਿਰਦਤਾ ਨਾਲ ਜ਼ਿੰਮੇਵਾਰੀ ਨਿਭਾਉਣ ਦੀ ਬਜਾਇ ਬੁਨਿਆਦੀ ਮਸਲਿਆਂ ਵੱਲ ਧਿਆਨ ਦੇਣ ਦੀ ਥਾਂ ਆਪਣੇ ਸੌੜੇ ਸਿਆਸੀ ਤੇ ਆਰਥਿਕ ਮੁਫ਼ਾਦਾਂ ਵੱਲ ਹੀ ਜ਼ਿਆਦਾ ਧਿਆਨ ਦਿੱਤਾ ਹੈ । ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲੰਿਦਰਜੀਤ ਸਿੰਘ ਰਾਜਨ, ਮਨਜੀਤ ਇੰਦਰਾ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸਿੰਘ ਸੰਧੂ, ਮੂਲ ਚੰਦ ਸ਼ਰਮਾ ਅਤੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ, ਭੁਪਿੰਦਰ ਕੌਰ ਪ੍ਰੀਤ, ਰਾਜਿੰਦਰ ਸਿੰਘ ਰਾਜਨ, ਮੱਖਣ ਕੁਹਾੜ ਅਤੇ ਡਾ: ਕਰਮਜੀਤ ਸਿੰਘ ਨੇ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਬੀਤੇ ਵੇਲਿਆਂ ‘ਚ ਸੂਬੇ ਦੇ ਹੋਏ ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਪਰਿਵਾਰਕ ਨੁਕਸਾਨ ਤੋਂ ਸਬਕ ਲੈਂਦਿਆਂ ਇਕ ਦੂਜੇ ਉੱਪਰ ਦੂਸ਼ਣਬਾਜ਼ੀ ਕਰਨ ਦੀ ਬਜਾਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸੁਹਿਰਦ ਹੋਣ ਦੀ ਲੋੜ ਹੈ । ਕੇਂਦਰੀ ਸਭਾ ਸਮੁੱਚੇ ਪੰਜਾਬ ਵਿੱਚ ਸਥਾਨਕ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਮਾਤ ਭਾਸ਼ਾ ਜਾਗਰੂਕਤਾ ਮੁਹਿੰਮ ਵਿੱਢੇਗੀ । ਉਹਨਾਂ ਇਸ ਮੌਕੇ ਇਹ ਵੀ ਮੰਗ ਕੀਤੀ ਕਿ ਸਰਕਾਰਾਂ ਨੂੰ ਮਾਤ ਭਾਸ਼ਾ ਨੂੰ ਰੁਜ਼ਗਾਰ ਮੁਖੀ ਬਣਾਉਣ ਲਈ ਪੰਜਾਬ ਦੇ ਸਕੂਲ ਕਾਲਜਾਂ ਵਿਚ ਪੱਕੀ ਭਰਤੀ ਕਰਕੇ ਰੁਜਗਾਰ ਦੇ ਠੋਸ ਵਸੀਲੇ ਪਹਿਲ ਦੇ ਆਧਾਰ ਤੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਜਿਹੜੀ ਚੰਗੇ ਭਵਿੱਖ ਦੀ ਆਸ ਵਿਚ ਵਿਦੇਸ਼ਾਂ ਨੂੰ ਭੱਜ ਰਹੀ ਹੈ ਆਪਣੇ ਸੂਬੇ ਵਿਚ ਹੀ ਰੋਜੀ ਰੋਟੀ ਕਮਾ ਸਕੇ ।

 

LEAVE A REPLY

Please enter your comment!
Please enter your name here