ਰਾਜ ਕਾਕੜਾ ਦੀ ਫਰਿਜ਼ਨੋ ਵਿਚਲੀ ਦੂਸਰੀ ਮਹਿਫ਼ਲ ਨੂੰ ਲੋਕਾਂ ਸਾਹ ਰੋਕਕੇ ਸੁਣਿਆ

0
576

ਫਰਿਜ਼ਨੋ (ਕੈਲੀਫੋਰਨੀਆਂ), (ਗੁਰਿੰਦਰਜੀਤ ਨੀਟਾ ਮਾਛੀਕੇ) -ਆਪਣੇ ਚਾਹੁੰਣ ਵਾਲਿਆਂ ਦੀ ਪੁਰ-ਜ਼ੋਰ ਮੰਗ ‘ਤੇ ਸਥਾਨਿਕ ਈਲਾਈਟ ਈਵੈਂਟ ਸੈਂਟਰ ਵਿੱਚ ਰਾਜ ਕਾਕੜਾ ਦੀ ਦੂਸਰੀ ਪਰਿਵਾਰਕ ਮਹਿਫ਼ਲ ਬੇਹੱਦ ਕਾਮਯਾਬ ਰਹੀ। ਇਸ ਮਹਿਫ਼ਲ ਵਿੱਚ ਲੋਕਲ ਮਰਦਾਂ ਤੋਂ ਬਿਨਾ ਸਾਡੀਆਂ ਮਾਵਾਂ, ਭੈਣਾਂ ਅਤੇ ਬੱਚੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਕੇ ਮਹਿਫ਼ਲ ਨੂੰ ਪਰਿਵਾਰਕ ਰੰਗ ਵਿੱਚ ਯਾਦਗਾਰੀ ਬਣਾਇਆ। ਰਾਜ ਕਾਕੜੇ ਨੇ ਪਿਛਲੇ ਤਕਰੀਬਨ ਤਿੰਨ ਦਹਾਕੇ ਤੋਂ ਪੰਜਾਬੀ ਗੀਤਕਾਰੀ ਵਿੱਚ ਕੁਝ ਐਸੀਆਂ ਪੈੜ੍ਹਾ ਪਾਈਆ ਜਿੰਨ੍ਹਾਂ ਦਾ ਕਿੱਧਰੇ ਕੋਈ ਤੋੜ ਨਜ਼ਰ ਨਹੀਂ ਆਉਦਾ। ਉਹਨਾਂ ਧੂੰਮ ਧੜੱਕੇ ਦੇ ਯੁਗ ਵਿੱਚ ਹਰ ਕੋਈ ਉਹ ਵਿਸ਼ਾ ਛੋਇਆ ਜਿਸ ਦੀ ਸਾਡੇ ਸਮਾਜ ਨੂੰ ਲੋੜ ਸੀ। ਉਹਨਾਂ ਨੇ ਰਾਜਨੀਤੀ ਗੀਤ ਲਿਖਕੇ ਸਾਡੇ ਲੋਕਾਂ ਨੂੰ ਭਾਰਤ ਦੇ ਕਰੱਪਟ ਪਲੀਟੀਕਲ ਸਿਸਟਮ ਖਿਲਾਫ ਜਗਾਉਣ ਦੀ ਬਹੁਤ ਸਾਰਥਿਕ ਕੋਸ਼ਿਸ਼ ਕੀਤੀ। ਉਹਨਾਂ ਦਾ ਲਿਖਿਆ ਗੀਤ ਬਾਪੂ, ਮੇਰਾ ਪਿੰਡ ਆਦਿ ਸਦੀਵੀ ਯਾਦ ਰਹਿਣਗੇ। ਰਾਜ ਕਾਕੜਾ ਦੀ ਗਾਇਕੀ ਦੀ ਸੁਗੰਧ ਪੂਰੀ ਦੁਨੀਆਂ ਦੇ ਗੈਰਤਮੰਦ ਪੰਜਾਬੀਆਂ ਦੇ ਸੀਨੇ ਵਿੱਚ ਧਸੀ ਪਈ ਹੈ। ਜਿਹੜੇ ਅਨੁਭਵ ਨਾਲ ਉਸਨੇ ਪੰਜਾਬ ਦੇ ਦਰਦ ਨੂੰ ਆਪਣੇ ਗੀਤਾ ਜ਼ਰੀਏ ਲਿਖਿਆ ਤੇ ਗਾਇਆ, ਉਸਨੂੰ ਆਮ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸਦੀ ਅਵਾਜ਼ ਅਤੇ ਪੇਸ਼ਕਾਰੀ ਨਿਵੇਕਲੀ ਹੈ। ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਉਸਦੀਆਂ ਲਿਖੀਆਂ ਸਤਰਾਂ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਸਦੀਵੀਂ ਯਾਦ ਰਹਿਣਗੀਆਂ । ਇਸ ਮਹਿਫ਼ਲ ਨੂੰ ਕਰਵਾਉਣ ਦਾ ਸਿਹਰਾ ਸ. ਹਾਕਮ ਸਿੰਘ ਢਿੱਲੋ, ਨਾਜ਼ਰ ਸਿੰਘ ਸਹੋਤਾ, ਨਿਰਮਲ ਨਿੰਮਾਂ, ਕੁਲਵਿੰਦਰ ਢਿੱਲੋ, ਦਵਿੰਦਰ ਢਿੱਲੋ ਅਤੇ ਸਤਨਾਮ ਪ੍ਰਧਾਨ ਸਿਰ ਜਾਂਦਾ ਹੈ। ਰਾਜ ਕਾਕੜਾ ਤੋਂ ਬਿਨਾਂ ਗੀਤਕਾਰ ਪੱਪੀ ਭਦੌੜ, ਧੰਨਜੀਤ ਸਿੰਘ ਬੀਸਲਾ ਅਤੇ ਗਾਇਕ ਗੋਗੀ ਸੰਧੂ ਨੇ ਵੀ ਆਪਣੇ ਇੱਕ ਇੱਕ ਗੀਤ ਨਾਲ ਹਾਜ਼ਰੀ ਭਰੀ। ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਾਖੂਬੀ ਕੀਤਾ। ਅਖੀਰ ਰਾਤਰੀ ਦੇ ਸੁਆਦਿਸ਼ਟ ਖਾਣੇ ਨਾਲ ਇਸ ਮਹਿਫ਼ਲ ਦੀ ਸਮਾਪਤੀ ਹੋਈ ਅਤੇ ਲੋਕੀ ਚਾਈ ਚਾਈ ਆਪਣੇ ਘਰਾਂ ਨੂੰ ਪਰਤੇ।

LEAVE A REPLY

Please enter your comment!
Please enter your name here