ਰਾਮ ਮੰਦਰ ਪ੍ਰਤੀ ਸਿੱਖ ਭਾਈਚਾਰੇ ’ਚ ਵੀ ਭਾਰੀ ਉਤਸ਼ਾਹ ਦਾ ਮਾਹੌਲ : ਪ੍ਰੋ. ਸਰਚਾਂਦ ਸਿੰਘ

0
64

ਰਾਮ ਮੰਦਰ ਭਾਰਤੀ ਸਮਾਜ ਦੀਆਂ ਅਕਾਂਖਿਆਵਾਂ ਦੀ ਪੂਰਤੀ ਅਤੇ ਭਾਰਤੀ ਸਭਿਆਚਾਰਕ ਪੁਨਰ ਜਾਗਰਨ ਹੈ।

ਅੰਮ੍ਰਿਤਸਰ 18 ਜਨਵਰੀ

ਸਿੱਖ ਚਿੰਤਕ ਅਤੇ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਰ ਵਿਚ 22 ਜਨਵਰੀ ਨੂੰ ਹੋ ਰਹੇ ਸ੍ਰੀ ਰਾਮ ਲੱਲ੍ਹਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਪ੍ਰਤੀ ਹਿੰਦੂਆਂ ਵਿਚ ਹੀ ਨਹੀਂ ਸਿੱਖ ਭਾਈਚਾਰੇ ’ਚ ਭਾਰੀ ਉਤਸ਼ਾਹ ਦਾ ਮਾਹੌਲ ਹੈ। ਜਿਵੇਂ ਹਿੰਦੂ ਭਾਈਚਾਰਾ ਗੁਰਪੁਰਬਾਂ ਅਤੇ ਖ਼ਾਲਸਾਈ ਉਤਸਵਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਓਵੇਂ ਹੀ ਸਿੱਖ ਭਾਈਚਾਰਾ ਰਾਮ ਮੰਦਰ ਦੇ ਉਦਘਾਟਨ ’ਚ ਸ਼ਾਮਿਲ ਹੋ ਕੇ ਦੇਸ਼ ਵਿਦੇਸ਼ ’ਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤੀ ਦੇਣ ਲਈ ਉਤਸੁਕ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਰਅੰਦੇਸ਼ੀ ਅਤੇ ਸਿੱਖਾਂ ਨੂੰ ਪਿਆਰ ਕਰਨ ਵਾਲੇ ਹਨ। ਉਨ੍ਹਾਂ ਵੱਲੋਂ ਕਾਂਗਰਸ ਦੁਆਰਾ ਸਿੱਖਾਂ ਨੂੰ ਦਿੱਤੇ ਜ਼ਖ਼ਮਾਂ ‘ਤੇ ਮਲ੍ਹਮ ਲਾਉਣ ਕਾਰਨ ਭਾਰਤੀ ਦੀ ਰਾਜਸੀ ਦ੍ਰਿਸ਼ਟੀਕੋਣ ’ਚ ਸਿੱਖਾਂ ਪ੍ਰਤੀ ਬਦਲਾਅ ਆ ਚੁੱਕਿਆ ਹੈ। ਇਹ ਠੀਕ ਹੈ ਕਿ ਸਿੱਖ ਪੰਥ ਦੇ ਅਜਿਹੇ ਕੁਝ ਮਸਲੇ ਅੱਜ ਵੀ ਅਣ ਸੁਲਝੇ ਹਨ ਪਰ ਪ੍ਰਧਾਨ ਮੰਤਰੀ ਮੋਦੀ ਸਿੱਖ ਕੌਮ ਦੇ ਨੁਮਾਇੰਦਿਆਂ ਲਈ ਆਪਣੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖਦਿਆਂ ਸਿੱਖ ਭਾਈਚਾਰੇ ਨੂੰ ਪਹਿਲਾਂ ਵਾਲਾ ਰੁਤਬਾ ਬਹਾਲ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਕੇਂਦਰੀ ਸਤਾ ਵਿਚ ਆ ਕੇ ਪਿਛਲੀਆਂ ਸਰਕਾਰਾਂ ਵੱਲੋਂ ਸਿੱਖਾਂ ਲਈ ਪੈਦਾ ਕੀਤੀਆਂ  ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਮਾਣ ਦਿੱਤਾ ਹੈ। ਉਨ੍ਹਾਂ ਨੇ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਨਾਲ ਉਤਪੰਨ ਹੋਈ ਸਿੱਖਾਂ ਦੀ ਪੀੜਾ ਨੂੰ ਪਛਾਣਿਆ ਅਤੇ ਇਹ ਪਹਿਲੀ ਵਾਰ ਹੈ ਕਿ ਇਸ ਘੱਲੂਘਾਰੇ ਨੂੰ ਭਾਰਤੀ ਸੰਸਦ ਵਿਚ ਇਕ ’ਹਮਲਾ’ ਕਰਾਰ ਦੇ ਕੇ ਸਿੱਖ ਮਾਨਸਿਕਤਾ ਦੀ ਤਰਜਮਾਨੀ ਕੀਤੀ ਗਈ। ਕਾਂਗਰਸੀ ਲੀਡਰਾਂ ਦੀ ਅਗਵਾਈ ’ਚ ਨਿਰਦੋਸ਼ ਸਿੱਖਾਂ ਨੂੰ ਕੋਹ ਕੋਹ ਕੇ ਕਤਲ ਕਰਨ ਅਤੇ ਜਿੰਦਾ ਜਲਾਉਣ ਦੀ ਵਹਿਸ਼ੀ ਕਾਰੇ ਨੂੰ ਉਨ੍ਹਾਂ ’ਭਿਆਨਕ ਨਰਸੰਹਾਰ’ ਅਤੇ ’ਆਤੰਕਵਾਦ’ ਕਿਹਾ।  ਉਨ੍ਹਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣਾ, ਲਾਲ ਕਿਲ੍ਹੇ ’ਤੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਤਾਬਦੀ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਤਾਬਦੀਆਂ ਮਨਾਉਣ ਤੋਂ ਇਲਾਵਾ ਛੋਟੇ ਸਾਹਿਬਜ਼ਾਦਿਆਂ ਦੀ ਯਾਦ ’ਚ ਵੀਰ ਬਾਲ ਦਿਵਸ ਮਨਾ ਕੇ ਸਤਿਕਾਰ ਭੇਟ ਕਰਨਾ, ਕੇਂਦਰ ਨੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਸਿੱਖਾਂ ਦੀ 35 ਸਾਲਾਂ ਤੋਂ ਜਾਰੀ ਕਾਲੀ ਸੂਚੀ ਦਾ ਖ਼ਾਤਮਾ, ਜੋਧਪੁਰ ’ਚ ਨਜ਼ਰਬੰਦ ਕੀਤੇ ਗਏ ਬੇਕਸੂਰ ਕੈਦੀਆਂ ਨੂੰ ਮੁਆਵਜ਼ਾ ਦੇਣ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਵਾਂ ਕੱਟ ਰਹੇ 8 ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਅਤੇ ਇਕ ਦੀ ਸਜ਼ਾ ਤਬਦੀਲੀ ਦਾ ਐਲਾਨ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਅਤੇ ਅਫ਼ਗ਼ਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਅਤੇ 529 ਹਿੰਦੂ ਸਿੱਖਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਣਾ, ਘਰੇਲੂ ਹਵਾਈ ਸਫ਼ਰ ਦੌਰਾਨ 6 ਇੰਜ ਦੀ ਕਿਰਪਾਨ ਪਹਿਨਣ ਅਤੇ ਹਵਾਈ ਅੱਡਿਆਂ ’ਤੇ ਸਿੱਖ ਮੁਲਾਜ਼ਮਾਂ ਨੂੰ ‌ਕਿਰਪਾਨ ਪਹਿਨਣ ਦੀ ਖੁੱਲ ਅਤੇ ਵੰਦੇ ਭਾਰਤ ਰੇਲਗੱਡੀ ਨੂੰ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਰੁਕਣ ਦੀ ਵਿਵਸਥਾ ਆਦਿ ਸਿੱਖ ਪੰਥ ਦੇ ਸਰੋਕਾਰਾਂ ਪ੍ਰਤੀ ਕੇਂਦਰ ਸਰਕਾਰ ਦੀ ਨਵੀਂ ਪਹੁੰਚ ਸੀ। ਅਜਿਹੇ ਸਾਰਥਿਕ ਕੰਮਾਂ ਦੀ ਲੰਮੀ ਲਿਸਟ ਮੌਜੂਦ ਹੈ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਹਰ ਹਿੰਦੂ ਲਈ ਖ਼ੁਸ਼ੀ ਦਾ ਵਿਸ਼ਾ ਹੈ। ਇਹ ਸਿਰਫ਼ ਇਕ ਮੰਦਰ ਦਾ ਨਿਰਮਾਣ ਨਹੀਂ ਹੈ। ਇਹ ਭਾਰਤ ਦੀ ਵਿਰਾਸਤੀ ਆਨ ਸ਼ਾਨ ਅਤੇ ਭਾਰਤੀ ਸਮਾਜ ਦੀਆਂ ਸਦੀਆਂ ਤੋਂ ਦਬਾਈਆਂ ਗਈਆਂ ਅਕਾਂਖਿਆਵਾਂ ਦੀ ਪੁਨਰ ਸੁਰਜੀਤ ਦੇ ਨਜ਼ਰੀਏ ਤੋਂ ਭਾਰਤੀ ਸਭਿਆਚਾਰਕ ਪੁਨਰ ਜਾਗਰਨ ਦਾ ਹੈ। ਅਯੁੱਧਿਆ ਧਾਮ ਵਿੱਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਵਿਦੇਸ਼ੀਆਂ ਦੀ ਸਦੀਆਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਨਵ ਭਾਰਤ ਦੇ ਪੁਨਰ ਨਿਰਮਾਣ ਲਈ ਸਵਦੇਸ਼ੀ ਸੰਸਕ੍ਰਿਤੀ ਨੂੰ ਹਕੀਕੀ ਤੇ ਸੁਚੇਤ ਰੂਪ ’ਚ ਅਪਣਾਉਣ ਵਲ ਭਾਰਤੀ ਸਮਾਜ ਵੱਲੋਂ ਕਦਮ ਪੁੱਟ ਲਿਆ ਗਿਆ ਹੈ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਜੋ ਲੋਕ ਬਾਬਰੀ ਮਸਜਿਦ ਪ੍ਰਤੀ ਹੇਜ ਜਤਾ ਰਹੇ ਹਨ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਬਾਬਰ ਦੇ ਹਮਲਿਆਂ ਬਾਰੇ ਦਸੀ ਗਈ ਭਿਆਨਕਤਾ ਨੂੰ ਨਹੀਂ ਭੁੱਲਣਾ ਚਾਹੀਦਾ । ਬਾਬਰ ਨੇ ਹਿੰਦੂਆਂ ’ਤੇ ਹੀ ਹੀ ਮੁਸਲਮਾਨਾਂ ’ਤੇ ਵੀ ਜ਼ੁਲਮ ਕਰਨ ਤੋਂ ਸੰਕੋਚ ਨਹੀਂ ਕੀਤਾ। ਅਨੇਕਾਂ ਹਿੰਦੂ ਮੰਦਰਾਂ ਨੂੰ ਜ਼ਮੀਨਦੋਜ਼ ਕਰਦਿਆਂ ਉਪਰ ਮਸੀਤਾਂ ਉਸਾਰ ਦਿੱਤੀਆਂ। ਅਯੁੱਧਿਆ ਦੇ ਰਾਮ ਮੰਦਰ ਨੂੰ ਢਾਹ ਕੇ ਉਸਾਰੀ ਗਈ ਬਾਬਰੀ ਮਸਜਿਦ ਵੀ ਉਨ੍ਹਾਂ ’ਚੋਂ ਇਕ ਸੀ।  ਜਨਮ ਸਾਖੀ ਭਾਈ ਬਾਲੇ ਵਾਲੀ ’ਚ ਗੁਰੂ ਨਾਨਕ ਦੇਵ ਜੀ ਦੁਆਰਾ ਉਦਾਸੀ ਦੌਰਾਨ ਅਯੁੱਧਿਆ ਜਾਣ ਦਾ ਜ਼ਿਕਰ ਹੈ।  ’ਗੁਰੂ ਜੀ ਅਯੁੱਧਿਆ ਕੋ ਗਏ’ ਅਧਿਆਏ ’ਚ ਉਲੇਖ ਹੈ ਕਿ ਸ੍ਰੀ ਗੁਰੂ ਨਾਨਕ ਜੀ ਨੇ ਕਿਹਾ ਭਾਈ ਬਾਲਾ ਇਹ ਭੀ ਨਗਰੀ ਸ੍ਰੀ ਰਾਮ ਚੰਦਰ ਜੀ ਕੀ ਹੈ। ਏਥੇ ਰਾਮ ਚੰਦ੍ਰ ਜੀ ਨੇ ਅਵਤਾਰ ਧਾਰ ਕੇ ਚਰਿਤ੍ਰ ਕੀਤੇ ਹਨ, ਸੋ ਦੇਖ ਕੇ ਹੀ ਚੱਲੀਏ ਤਾਂ ਸ੍ਰੀ ਗੁਰੂ ਜੀ ਸਰਜੂ ਨਦੀ ਦੇ ਕਿਨਾਰੇ ਪਰ ਜਾਇ ਬੈਠੇ ਤਾਂ ਉੱਥੋਂ ਦੇ ਲੋਕ ਚਰਨੀ ਆਇ ਲੱਗੇ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਚਰਨ ਛੋਹ ਪ੍ਰਾਪਤ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਉਨ੍ਹਾਂ ਲੋਕਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਜੋ ਵਿਦੇਸ਼ੀ ਤਾਕਤਾਂ  ਦੇ ਭਾਰਤ ਵਿਰੋਧੀ ਮਨਸੂਬਿਆਂ ਲਈ ਉਨ੍ਹਾਂ ਦੇ ਹੱਥਾਂ ’ਚ ਖੇਡਦਿਆਂ ਭਾਈਚਾਰਕ ਸਾਂਝ ਨੂੰ ਤੋੜਨ ਅਤੇ ਸਿੱਖ ਭਾਈਚਾਰੇ ਨੂੰ ਵਾਰ-ਵਾਰ ਦੇਸ਼ ਦੀ ਕੇਂਦਰੀ ਸਤਾ ਨਾਲ ਟਕਰਾਉਣ ਲਈ ਉਤੇਜਿਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

LEAVE A REPLY

Please enter your comment!
Please enter your name here