ਟੋਰਾਂਟੋ: ਕੈਨੇਡੀਅਨ ਪੁਲਿਸ ਨੇ ਵਿਵਾਦਤ ਸਿੱਖ ਕਮਿਊਨਿਟੀ ਲੀਡਰ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ ਸਰੀ ਵਿੱਚ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਤੋਂ ਟੈਨਰ ਫੌਕਸ (21) ਤੇ ਨਿਊ ਵੈਸਟਮਿੰਸਟਰ ਦੇ ਵੈਨਕੂਵਰ ਉਪਨਗਰ ਤੋਂ ਜੋਸ ਲੋਪੇਜ਼ (23) ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਅਧਿਕਾਰੀ ਮਨਦੀਪ ਮੂਕਰ ਨੇ ਕਿਹਾ, ‘ਅਸੀਂ ਇਸ ਕਤਲ ਦੇ ਸਬੰਧ ਵਿੱਚ ਦੋਵਾਂ ਮਸ਼ਕੂਕਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ। ਪੁਲਿਸ ਨੂੰ ਇਨ੍ਹਾਂ ਦੋਵਾਂ ਬਾਰੇ ਪਹਿਲਾਂ ਹੀ ਜਾਣਕਾਰੀ ਸੀ।’’ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਦੱਸਿਆ ਕਿ ਜਾਂਚ ਦਾ ਨਤੀਜਾ ਜੋ ਵੀ ਹੋਵੇ, ਅਸੀਂ ਮਹਾਨ ਵਿਅਕਤੀ ਨੂੰ ਗੁਆ ਦਿੱਤਾ ਹੈ।’
ਕੈਨੇਡੀਅਨ ਮੀਡੀਆ ਮੁਤਾਬਕ ਦੋਵਾਂ ਦਾ ਅਪਰਾਧਿਕ ਰਿਕਾਰਡ ਹੈ ਪਰ ਕਿਸੇ ਗੈਂਗ ਨਾਲ ਸਬੰਧਤ ਨਹੀਂ ਹੈ। ਮਲਿਕ ‘ਤੇ ਇਕ ਵਾਰ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਜੂਨ 1985 ਵਿਚ ਏਅਰ ਇੰਡੀਆ ਦੀ ਉਡਾਣ ਕਨਿਸ਼ਕ ‘ਤੇ ਬੰਬ ਧਮਾਕੇ ਵਿਚ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿਚ 329 ਲੋਕ ਮਾਰੇ ਗਏ ਸਨ, ਜਿਸ ਨੂੰ ਕੈਨੇਡੀਅਨ ਇਤਿਹਾਸ ਵਿਚ ਸਭ ਤੋਂ ਘਾਤਕ ਅੱਤਵਾਦੀ ਹਮਲੇ ਵਜੋਂ ਗਿਣਿਆ ਜਾਂਦਾ ਹੈ। ਅਮੀਰ ਕਾਰੋਬਾਰੀ, ਮਲਿਕ ਨੂੰ ਮਾਰਚ 2005 ਵਿੱਚ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਜਾਂਚਕਰਤਾਵਾਂ ਨੇ ਅਪਰਾਧ ਦੇ ਸੰਭਾਵਿਤ ਉਦੇਸ਼ ਦਾ ਖੁਲਾਸਾ ਨਹੀਂ ਕੀਤਾ ਹੈ।