ਰੇਲ ਕੋਚ ਫੈਕਟਰੀ ਮਹਿਲਾ ਕਲਿਆਣ ਸੰਗਠਨ ਵੱਲੋਂ ਬੱਚਿਆਂ ਦਾ ‘ ਆਨ ਦੀ ਸਪਾਟ ਡਰਾਇੰਗ ਅਤੇ ਪੇਂਟਿੰਗ ਮੁਕਾਬਲਾ ‘ ਆਯੋਜਿਤ

0
511
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਰੇਲਵੇ ਕਰਮਚਾਰੀਆਂ ਦੇ ਬੱਚਿਆਂ ਵਿੱਚ ਕਲਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ  ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਰੇਲ ਕੋਚ ਫੈਕਟਰੀ ਮਹਿਲਾ ਕਲਿਆਣ ਸੰਗਠਨ ਵੱਲੋਂ ਬੱਚਿਆਂ ਲਈ ‘ਆਨ-ਦੀ-ਸਪਾਟ ਡਰਾਇੰਗ ਅਤੇ ਪੇਂਟਿੰਗ ਮੁਕਾਬਲਾ’ ਕਰਵਾਇਆ ਗਿਆ। ਇਸ ਵਿੱਚ ਆਰ ਸੀ ਐਫ ਮੁਲਾਜ਼ਮਾਂ ਦੇ 80 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਹ ਮੁਕਾਬਲਾ ਤਿੰਨ ਉਮਰ ਵਰਗਾਂ ਵਿੱਚ ਕਰਵਾਇਆ ਗਿਆ ਅਤੇ ਬੱਚਿਆਂ ਨੇ ਇਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਆਰ ਸੀ ਐਫ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਸ੍ਰੀਮਤੀ ਸੁਰਭੀ ਅਗਰਵਾਲ ਅਤੇ ਸੰਗਠਨ ਦੇ ਸਮੂਹ ਮੈਂਬਰ ਮੁਕਾਬਲੇ ਦੇ ਆਯੋਜਨ ਤੇ ਹਾਜ਼ਰ ਸਨ । ਸ਼੍ਰੀਮਤੀ ਸੁਰਭੀ ਅਗਰਵਾਲ ਨੇ ਦੱਸਿਆ ਕਿ ਰੇਲਵੇ ਵੂਮੈਨ ਵੈਲਫੇਅਰ ਸੈਂਟਰਲ ਆਰਗੇਨਾਈਜੇਸ਼ਨ ਨਵੀਂ ਦਿੱਲੀ ਅਤੇ ਇਸ ਦੇ ਸਹਿਯੋਗੀ ਸੰਗਠਨਾਂ ਵੱਲੋਂ ਹਰ ਸਾਲ ‘ਆਨ-ਦੀ-ਸਪਾਟ ਮੁਕਾਬਲੇ’ ਕਰਵਾਏ ਜਾਂਦੇ ਹਨ। ਇਸ ਲੜੀ ਵਿੱਚ, ਇਸ ਸਾਲ ਸਾਰੇ ਰੇਲਵੇ ਜ਼ੋਨਾਂ/ਡਿਵੀਜ਼ਨਾਂ/ਉਤਪਾਦਨ ਇਕਾਈਆਂ ਵਿੱਚ 10.30 ਵਜੇ ਤੋਂ 12.30 ਵਜੇ ਤੱਕ 3 ਉਮਰ ਵਰਗ – 6 ਤੋਂ 9 ਸਾਲ, 9 ਤੋਂ 12 ਸਾਲ ਅਤੇ 12 ਤੋਂ 15 ਸਾਲ ਵਿੱਚ ਮੁਕਾਬਲੇ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ । ਹਰੇਕ ਉਮਰ-ਵਰਗ ਲਈ ਵੱਖਰੇ-ਵੱਖਰੇ ਵਿਸ਼ਿਆਂ ਦਾ ਮੌਕੇ ‘ਤੇ ਹੀ ਐਲਾਨ ਕੀਤਾ ਗਿਆ। ਆਲ ਇੰਡੀਆ ਰੇਲਵੇ ਪ੍ਰਤੀਯੋਗਿਤਾ ਲਈ ਹਰੇਕ ਉਮਰ ਵਰਗ ਤੋਂ ਹਰੇਕ ਜ਼ੋਨ/ਡਿਵੀਜ਼ਨ/ਪ੍ਰੋਡਕਸ਼ਨ ਯੂਨਿਟ ਆਦਿ ਤੋਂ ਤਿੰਨ ਸਭ ਤੋਂ ਵਧੀਆ ਐਂਟਰੀਆਂ ‘ਤੇ ਇਨਾਮਾਂ ਲਈ ਵਿਚਾਰ ਕੀਤਾ ਜਾਵੇਗਾ ਅਤੇ ਅਜਿਹੀਆਂ ਐਂਟਰੀਆਂ ਦਾ ਫੈਸਲਾ ਨਵੀਂ ਦਿੱਲੀ ਵਿਖੇ ਇੱਕ ਕਮੇਟੀ ਦੁਆਰਾ ਕੀਤਾ ਜਾਵੇਗਾ। ਆਲ ਇੰਡੀਆ ਪੱਧਰ ‘ਤੇ ਜੇਤੂਆਂ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਮੈਰਿਟ ਸਰਟੀਫਿਕੇਟ ਅਤੇ ਨਕਦ ਇਨਾਮ ਦਿੱਤੇ ਜਾਣਗੇ। ਪਹਿਲਾ ਇਨਾਮ 6000 ਦੂਜਾ ਇਨਾਮ 5000 ਅਤੇ ਤੀਜਾ ਇਨਾਮ 4000 ਅਤੇ ਇਸ ਤੋਂ ਇਲਾਵਾ 3000 ਦੇ ਦੋ ਹੌਸਲਾ ਵਧਾਊ ਇਨਾਮ ਵੀ ਦਿੱਤੇ ਜਾਣਗੇ ।

LEAVE A REPLY

Please enter your comment!
Please enter your name here