* ਕੇਂਦਰੀ ਮੰਤਰੀ ਨੂੰ ਅਹੁੱਦੇ ਤੋਂ ਨਾ ਹਟਾਇਆ ਤਾਂ 18 ਅਕਤੂਬਰ ਨੂੰ ਰੇਲ ਆਵਾਜਾਈ ਹੋਵੇਗੀ ਠੱਪ
ਚੰਡੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ)-ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨੀ ਧਰਨਿਆਂ ਦੇ 374ਵੇਂ ਦਿਨ ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਅਗਲੇ ਦਿਨਾਂ ਦੌਰਾਨ ਲਾਗੂ ਕੀਤੇ ਜਾਣ ਵਾਲੇ ਸੱਦਿਆਂ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ 12 ਅਕਤੂਬਰ ਨੂੰ ਲਖੀਮਪੁਰ-ਖੀਰੀ ਦੇ ਸ਼ਹੀਦਾਂ ਦੀ ਅੰਤਿਮ ਅਰਦਾਸ ਦਿਵਸ ਨੂੰ ‘ਸ਼ਹੀਦ ਕਿਸਾਨ ਦਿਵਸ’ ਵਜੋਂ ਮਨਾਇਆ ਜਾਵੇਗਾ। ਮੁੱਖ ਸਮਾਗਮ ਤਿਕੋਨੀਆ ਲਖੀਮਪੁਰ-ਖੀਰੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਯੂ.ਪੀ ਤੇ ਸਾਰੇ ਭਾਰਤ ਦੇ ਕਿਸਾਨਾਂ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਸ ਦਿਨ ਸਾਰੇ ਧਰਨੇ ਵਾਲੀਆਂ ਥਾਵਾਂ ਅਤੇ ਸਾਰੇ ਧਰਮਾਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਪ੍ਰਾਰਥਨਾ ਸਭਾਵਾਂ ਆਯੋਜਿਤ ਕੀਤੀਆਂ ਜਾਣਗੀਆਂ। ਸ਼ਾਮ ਨੂੰ ਬਾਜ਼ਾਰਾਂ, ਸੱਥਾਂ, ਚੌਕਾਂ ਵਿੱਚ ਕੈਂਡਲ ਮਾਰਚ ਕੀਤੇ ਜਾਣਗੇ ਅਤੇ ਸ਼ਹੀਦਾਂ ਦੀ ਯਾਦ ‘ਚ ਘਰਾਂ ਅੱਗੇ ਪੰਜ-ਪੰਜ ਮੋਮਬੱਤੀਆਂ ਜਲਾਈਆਂ ਜਾਣਗੀਆਂ। ਬੁਲਾਰਿਆਂ ਨੇ ਅੱਗੇ ਦੱਸਿਆ ਕਿ ਜੇਕਰ 11 ਅਕਤੂਬਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਉਸ ਦੇ ਅਹੁਦੇ ਤੋਂ ਨਾ ਹਟਾਇਆ ਗਿਆ ਤਾਂ 18 ਅਕਤੂਬਰ ਨੂੰ ‘ਆਲ ਇੰਡੀਆ ਰੇਲ ਰੋਕੋ ਦਿਵਸ’ ਮਨਾਇਆ ਜਾਵੇਗਾ ਅਤੇ ਉਸ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਸਬੂਤ ਮਿਟਾਉਣ ਦਾ ਮੌਕਾ ਨਾ ਦਿੱਤਾ ਜਾਵੇ ਅਤੇ ਤੁਰੰਤ ਕਾਨੂੰਨ ਕਾਰਵਾਈ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਕਲ੍ਹ ਖੇਤੀ ਖੇਤਰ ਦੀ ਬਿਜਲੀ ਸਪਲਾਈ ‘ਚ ਬਹੁਤ ਲੰਬੇ ਕੱਟ ਲਾਏ ਜਾ ਰਹੇ ਹਨ। ਬਿਜਲੀ ਸਪਲਾਈ ‘ਚ ਭਾਰੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ। ਕਈ ਫੀਡਰਾਂ ’ਤੇ ਸਿਰਫ 3-4 ਘੰਟੇ ਸਪਲਾਈ ਦਿੱਤੀ ਜਾ ਰਹੀ ਹੈ। ਸਬਜੀਆਂ ਤੇ ਚਾਰਾ ਫਸਲਾਂ ਲਈ ਵੀ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ। ਬੁਲਾਰਿਆਂ ਨੇ ਸਰਕਾਰ ਨੂੰ ਇਹ ਕਿੱਲਤ ਦੂਰ ਕਰਨ ਲਈ ਤੁਰੰਤ ਜਰੂਰੀ ਕਦਮ ਉਠਾਉਣ ਲਈ ਕਿਹਾ, ਵਰਨਾ ਉਹ ਬਿਜਲੀ ਦਫਤਰਾਂ ਦਾ ਘਿਰਾਉ ਕਰਨ ਲਈ ਮਜਬੂਰ ਹੋਣਗੇ।