ਕੈਨੇਡਾ/ਯੂਕੇ, (ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨਾਲ ਹੋਏ ਹਾਦਸੇ ਦੀ ਜਿੱਥੇ ਦੇਸ਼ ਭਰ ਵਿੱਚ ਨਿੰਦਿਆ ਹੋ ਰਹੀ ਹੈ, ਉੱਥੇ ਹੀ ਇਸ ਘਟਨਾ ਦੀ ਚਰਚਾ ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ। ਇਸ ਸਬੰਧੀ ਕੈਨੇਡਾ ਅਤੇ ਯੂ ਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਲਖੀਮਪੁਰ ਖੀਰੀ ਵਿਚ ਵਾਪਰੀ ਹਿੰਸਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕੈਨੇਡਾ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਮਨਿੰਦਰ ਸਿੱਧੂ, ਰਚਨਾ ਸਿੰਘ, ਰਣਦੀਪ ਐੱਸ. ਸਹਾਏ, ਸੋਨੀਆ ਸਿੱਧੂ ਅਤੇ ਇਕਵਿੰਦਰ ਸਿੰਘ ਗਹੀਰ ਆਦਿ ਨੇ ਲਖੀਮਪੁਰ ਵਿੱਚ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ, ਜਲਦੀ ਨਿਆਂ ਦੀ ਮੰਗ ਕੀਤੀ। ਇਸ ਦੇ ਇਲਾਵਾ ਯੂਕੇ ਵਿੱਚ ਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦੁੱਖ ਪ੍ਰਗਟ ਕਰਦਿਆਂ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕੈਨੇਡੀਅਨ ਅਤੇ ਯੂਕੇ ਦੇ ਸੰਸਦ ਮੈਂਬਰਾਂ ਨੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਪ੍ਰਤੀ ਆਪਣੀ ਹਮਦਰਦੀ ਉਹਨਾਂ ਲਈ ਨਿਆਂ ਦੀ ਮੰਗ ਕੀਤੀ। ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਅਤੇ ਪੱਤਰਕਾਰਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਪੰਜਾਬ ਸਰਕਾਰ ਵੱਲੋਂ ਇਹ ਰਾਸ਼ੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਦੂਜੇ ਪਾਸੇ ਛੱਤੀਸਗੜ੍ਹ ਸਰਕਾਰ ਵੱਲੋਂ ਵੀ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ।
Boota Singh Basi
President & Chief Editor