ਲਖੀਮਪੁਰ ਹਿੰਸਾ: ਆਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨਾ ਪੁਲੀਸ ਰਿਮਾਂਡ ’ਤੇ ਭੇਜਿਆ

0
467

* ਪੁਲੀਸ ਨੂੰ ਰਿਮਾਂਡ ਦੇ ਅਰਸੇ ਦੌਰਾਨ ਮੁਲਜ਼ਮ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਦੀ ਹਦਾਇਤ * ਪੁੱਛਗਿੱਛ ਦੌਰਾਨ ਮੁਲਜ਼ਮ ਦਾ ਵਕੀਲ ਵੀ ਰਹੇਗਾ ਮੌਜੂਦ
ਲਖੀਮਪੁਰ ਖੀਰੀ (ਯੂ ਪੀ) (ਸਾਂਝੀ ਸੋਚ ਬਿਊਰੋ) -ਉੱਤਰ ਪ੍ਰਦੇਸ਼ ਪੁਲੀਸ ਨੇ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦਾ ਅਦਾਲਤ ‘ਚੋਂ ਤਿੰਨ ਦਿਨਾ ਰਿਮਾਂਡ ਹਾਸਲ ਕਰ ਲਿਆ। ਤਿੰਨ ਅਕਤੂਬਰ ਨੂੰ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਜਿਨ੍ਹਾਂ ਵਿੱਚ ਇਕ ਪੱਤਰਕਾਰ ਵੀ ਸ਼ਾਮਲ ਸੀ। ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਯੂ ਪੀ ਪੁਲੀਸ ਨੂੰ ਆਸ਼ੀਸ਼ ਮਿਸ਼ਰਾ ਦਾ ਰਿਮਾਂਡ ਦੇਣ ਲਈ ਉਸ ਨੂੰ ਇਸ ਅਰਸੇ ਦੌਰਾਨ ਤੰਗ ਪ੍ਰੇਸ਼ਾਨ ਨਾ ਕਰਨ ਤੇ ਵਕੀਲ ਦੀ ਮੌਜੂਦਗੀ ‘ਚ ਹੀ ਪੁੱਛਗਿੱਛ ਕਰਨ ਦੀ ਸ਼ਰਤ ਰੱਖੀ ਹੈ। ਸੀਨੀਅਰ ਪ੍ਰਾਸੀਕਿਊਸ਼ਨ ਅਧਿਕਾਰੀ ਐੱਸ.ਪੀ.ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਪੁਲੀਸ ਨੇ ਆਸ਼ੀਸ਼ ਦੇ 14 ਦਿਨਾ ਰਿਮਾਂਡ ਦੀ ਮੰਗ ਕੀਤੀ ਸੀ, ਪਰ 12 ਤੋਂ 15 ਅਕਤੂਬਰ ਤੱਕ ਤਿੰਨ ਦਿਨਾ ਰਿਮਾਂਡ ਦੀ ਹੀ ਆਗਿਆ ਮਿਲੀ।’ ਰਿਮਾਂਡ ਦੀ ਮਿਆਦ 15 ਅਕਤੂਬਰ ਦੀ ਸਵੇਰ ਨੂੰ ਖ਼ਤਮ ਹੋ ਜਾਵੇਗੀ। ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਨੂੰ ਕੀਤੇ ਹੁਕਮਾਂ ਵਿੱਚ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਤੋਂ ਪਹਿਲਾਂ ਲਖੀਮਪੁਰ ਹਿੰਸਾ ਕੇਸ ਵਿੱਚ 12 ਘੰਟੇ ਦੇ ਕਰੀਬ ਕੀਤੀ ਪੁੱਛ-ਪੜਤਾਲ ਮਗਰੋਂ ਸ਼ਨਿੱਚਰਵਾਰ ਦੇਰ ਰਾਤ ਨੂੰ ਵਿਸ਼ੇਸ਼ ਜਾਂਚ ਟੀਮ ਨੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੰਤਰੀ ਨੂੰ ਬਰਖਾਸਤ ਨਾ ਕਰਕੇ ਨਿਆਂ ਵਿੱਚ ਅੜਿੱਕੇ ਡਾਹ ਰਹੀ ਹੈ ਭਾਜਪਾ: ਰਾਹੁਲ
ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) -ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਜਿਸ ਦੇ ਪੁੱਤਰ (ਆਸ਼ੀਸ਼ ਮਿਸ਼ਰਾ) ਨੂੰ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਨੂੰ ਕੇਂਦਰੀ ਵਜ਼ਾਰਤ ‘ਚੋਂ ਲਾਂਭੇ ਨਾ ਕਰਕੇ ਨਿਆਂ ਦੇ ਅਮਲ ਵਿੱਚ ਅੜਿੱਕੇ ਡਾਹੁਣ ਦਾ ਕੰਮ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਾ ਤਾਂ ਕਿਸਾਨਾਂ ਤੇ ਨਾ ਹੀ ਲਖੀਮਪੁਰ ਹਿੰਸਾ ਦੌਰਾਨ ਮਾਰੇ ਗਏ ਭਾਜਪਾ ਵਰਕਰਾਂ ‘ਚੋਂ ਕਿਸੇ ਦੀ ਵੀ ਫਿਕਰ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਹਿੰਦੀ ਵਿੱਚ ਕੀਤੇ ਟਵੀਟ ‘ਚ ਕਿਹਾ, ‘‘ਇਸ ਮੰੰਤਰੀ ਨੂੰ (ਵਜ਼ਾਰਤ ‘ਚੋਂ) ਲਾਂਭੇ ਨਾ ਕਰਕੇ, ਭਾਜਪਾ ਨਿਆਂ ਦੇ ਅਮਲ ਵਿੱਚ ਅੜਿੱਕੇ ਡਾਹ ਰਹੀ ਹੈ। ਕੇਂਦਰ ਸਰਕਾਰ ਨੂੰ ਨਾ ਕਿਸਾਨਾਂ ਤੇ ਨਾ ਹੀ ਮਾਰੇ ਗਏ ਭਾਜਪਾ ਵਰਕਰਾਂ ਦੀ ਕੋਈ ਫਿਕਰ ਹੈ।’’

LEAVE A REPLY

Please enter your comment!
Please enter your name here