ਲਹਿਰਾ ਗਾਗਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਦੀ ਅਰਥੀ ਫੂਕਣ ਦਾ ਐਲਾਨ
ਲਹਿਰਾਗਾਗਾ, 28 ਅਪਰੈਲ, 2024: ਲਹਿਰਾ ਗਾਗਾ ਦੀਆਂ ਲੋਕ ਪੱਖੀ ਜਨਤਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਲਹਿਰਾ ਗਾਗਾ ਵਿਖੇ ਹੋਈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਵੱਲੋਂ ਘੱਟ ਗਿਣਤੀਆਂ ਖਿਲਾਫ ਕੀਤੀਆਂ ਨਫ਼ਰਤੀ ਟਿੱਪਣੀਆਂ ਦਾ ਗੰਭੀਰ ਨੋਟਿਸ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਸਮਾਜ ਵਿੱਚ ਨਫਰਤ ਦਾ ਜਹਿਰ ਫੈਲਾਉਂਦੀਆਂ ਹਨ। ਇਹ ਨਫਰਤ ਅੱਗੇ ਜਾ ਕੇ 1947 ਵਰਗੇ ਦਿਲ ਕੰਬਾਊ ਦਰਦਨਾਕ ਦੰਗਿਆਂ ਨੂੰ ਜਨਮ ਦਿੰਦੀ ਹੈ। ਜਿੱਥੇ ਮਾਨਵਤਾ ਦਾ ਘਾਣ ਹੁੰਦਾ ਹੈ, ਇਨਸਾਨੀਅਤ ਸ਼ਰਮਸਾਰ ਹੁੰਦੀ ਹੈ, ਇਸਤਰੀਆਂ ਦੀ ਬੇਪਤੀ ਹੁੰਦੀ ਹੈ ਅਤੇ ਦੇਸ਼ ਦੇ ਟੁਕੜੇ ਹੁੰਦੇ ਹਨ।
ਬੁਲਾਰਿਆਂ ਨੇ ਕਿਹਾ ਕਿ ਇਹ ਦੇਸ਼ ਸਾਰੇ ਨਾਗਰਿਕਾਂ ਦਾ ਸਾਂਝਾ ਹੈ। ਦੇਸ ਦਾ ਪ੍ਰਧਾਨ ਮੰਤਰੀ ਸਾਰੇ ਨਾਗਰਿਕਾਂ ਦਾ ਪ੍ਰਧਾਨ ਮੰਤਰੀ ਦਾ ਹੁੰਦਾ ਹੈ, ਕਿਸੇ ਵਿਸ਼ੇਸ਼ ਫਿਰਕੇ ਦਾ ਨਹੀਂ। ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੋਟਾਂ ਖਾਤਰ ਕੀਤੀਆਂ ਅਜਿਹੀਆਂ ਨਫਰਤੀ ਟਿੱਪਣੀਆਂ ਸ਼ੋਭਾ ਨਹੀਂ ਦਿੰਦੀਆਂ। ਜਥੇਬੰਦੀਆਂ ਨੇ ਇਸ ਦੇ ਖਿਲਾਫ 3 ਮਈ ਨੂੰ ਪ੍ਰਧਾਨ ਮੰਤਰੀ ਦੀ ਅਰਥੀ ਫੂਕਣ ਦਾ ਫੈਸਲਾ ਕੀਤਾ।
ਇਸ ਮੀਟਿੰਗ ਵਿੱਚ ਹਰਭਗਵਾਨ ਗੁਰਨੇ, ਰਘਵੀਰ ਭੁਟਾਲ, ਜਗਦੀਸ਼ ਪਾਪੜਾ, ਲਛਮਣ ਅਲੀਸ਼ੇਰ, ਹਰਵਿੰਦਰ ਲਦਾਲ, ਗੁਰਚਰਨ ਸਿੰਘ, ਬੱਲਾ ਸਿੰਘ, ਗਮਦੂਰ ਸਿੰਘ, ਜੰਟਾ ਸਿੰਘ, ਲਦਾਲ, ਬੰਤਾ ਸਿੰਘ ਰਾਮਗੜ੍ਹ ਸੰਧੂਆਂ, ਨਾਜਰ ਸਿੰਘ ਅਤੇ ਬਲਦੇਵ ਚੀਮਾ ਹਾਜ਼ਰ ਸਨ।