ਲਾਲ ਚੰਦ ਕਟਾਰੂਚੱਕ ਵੱਲੋਂ ਪੱਲਣਪੁਰ ਵਿਖੇ ਮੁੜ-ਸੁਰਜੀਤ ਕੀਤੀ ਇੰਸਪੈਕਸ਼ਨ ਹੱਟ ਦਾ ਉਦਘਾਟਨ ; ਹੱਟ ਨੂੰ ਆਕਰਸ਼ਕ ਦਿੱਖ ਦੇਣ ਲਈ 70 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ ਮੁਰੰਮਤ

0
36

ਚੰਡੀਗੜ੍ਹ, 3 ਜੂਨ:

ਇੱਕ ਵੱਡੀ ਪਹਿਲਕਦਮੀ ਤਹਿਤ ਜੰਗਲਾਤ ਅਤੇ ङਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪਿੰਡ ਪੱਲਣਪੁਰ (ਸਿਸਵਾਂ ਜੰਗਲਾਤ ਰੇਂਜ ਦਾ ਹਿੱਸਾ) ਵਿਖੇ ਨਵੀਂ ਮੁਰੰਮਤ ਕੀਤੀ ਗਈ ਇੰਸਪੈਕਸ਼ਨ ਹੱਟ ਦਾ ਉਦਘਾਟਨ ਕੀਤਾ। ਇਸ ਵਾਤਾਵਰਨ-ਪੱਖੀ ਉਪਰਾਲੇ ’ਤੇ ਲਗਭਗ 70 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਮਿਰਜ਼ਾਪੁਰ ਵਿੱਚ ਵੀ, ਰੈਸਟ ਹਾਊਸ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਨਵੀਂ ਨੁਹਾਰ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ, ਇੰਸਪੈਕਸ਼ਨ ਹੱਟ ਦੇ ਪਿਛਲੇ ਪਾਸੇ ਇੱਕ ਹਰਿਆ-ਭਰਿਆ ਕੁਦਰਤੀ ਮਾਰਗ (ਨੇਚਰ ਟਰੇਲ) ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਪੂਰਾ ਹੋਣ ’ਤੇ ਇਹ ਰਮਣੀਕ ਮਾਰਗ, ਕੁਦਰਤ ਪ੍ਰੇਮੀਆਂ ਲਈ, ਪੰਛੀਆਂ ਦੀਆਂ ਵੱਖ-ਵੱਖ ਤੇ ਵਿਲੱਖਣ ਕਿਸਮਾਂ ਦਾ ਝਲਕਾਰਾ ਅਤੇ ਤਾਜ਼ੀ ਹਵਾ ਦਾ ਸੋਮਾ ਹੋਵੇਗਾ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜੰਗਲਾਤ ਵਿਭਾਗ ਦੀਆਂ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਭਾਗ ਇਸ ਸਾਲ ਫਲਦਾਰ ਰੁੱਖਾਂ ਦੇ 3.50 ਕਰੋੜ ਬੂਟੇ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਤਾਵਰਨ ਪੱਖੀ ਉਪਰਾਲੇ ਨਾਲ ਸੂਬੇ ਵਿੱਚ ਜੰਗਲਾਤ ਅਧੀਨ ਰਕਬੇ ਨੂੰ ਵਧਾਉਣ ਵਿੱਚ ਬਹੁਤ ਮਦਦ ਮਿਲੇਗੀ।

ਇਸ ਤੋਂ ਇਲਾਵਾ, ਪਠਾਨਕੋਟ ਜ਼ਿਲ੍ਹੇ ਦੇ ਧਾਰ ਬਲਾਕ ਵਿੱਚ ਇੱਕ ਗੈਸਟ ਹਾਊਸ ਦੇ ਨਾਲ-ਨਾਲ ਹਰੀਕੇ ਵਿਖੇ ਇੱਕ ਨੇਚਰ ਇੰਟਰਪ੍ਰੀਟੇਸ਼ਨ ਸੈਂਟਰ ਵੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਢੋਲਬਾਹਾ ਵਿੱਚ ਵੀ, ਅਜਿਹੀਆਂ ਵਿਕਾਸ ਕੇਂਦਰਿਤ ਗਤੀਵਿਧੀਆਂ ਸਬੰਧੀ ਯੋਜਨਾਵਾਂ ਉਲੀਕੀਆਂ ਜਾ ਰਹੀ ਹੈ।

ਮੰਤਰੀ ਨੇ ਅੱਗੇ ਦੱਸਿਆ ਕਿ ਹਾਲ ਹੀ ਵਿੱਚ, ਜੰਗਲਾਤ ਵਿਭਾਗ ਦੇ 378 ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਹੀ ਉਨ੍ਹਾਂ ਨੂੰ ਇਸ ਸਬੰਧ ਵਿੱਚ ਨਿਯੁਕਤੀ ਪੱਤਰ ਦੇਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਮੁੱਖ ਵਣ ਪਾਲ (ਫੌਰੈਸਟ ਫੋਰਸ ਦੇ ਮੁਖੀ) ਧਰਮਿੰਦਰ ਸ਼ਰਮਾ, ਏ.ਪੀ.ਸੀ.ਸੀ.ਐਫ. –ਕਮ- ਸੀ.ਈ.ਓ. ਪਨਕੈਂਪਾ ਸੌਰਵ ਗੁਪਤਾ, ਸੀ.ਸੀ.ਐਫ. (ਹਿਲਜ਼) ਨਿਧੀ ਸ੍ਰੀਵਾਸਤਵਾ, ਸੀ.ਸੀ.ਐਫ. (ਵਾਈਲਡ ਲਾਈਫ) ਸਾਗਰ ਸੇਤੀਆ, ਸੀ.ਐਫ. ਸ਼ਿਵਾਲਿਕ ਸਰਕਲ ਸ੍ਰੀ ਕੰਨਨ, ਅਤੇ ਡੀ.ਐਫ.ਓ. ਮੋਹਾਲੀ ਕੰਵਰਦੀਪ ਸਿੰਘ ਵੀ ਸ਼ਾਮਿਲ ਸਨ।

LEAVE A REPLY

Please enter your comment!
Please enter your name here