ਲੀਡਰਾਂ ਦੇ ਨਿਆਣਿਆਂ ਦੀ ਜਗ੍ਹਾਂ ਆਮ ਘਰਾਂ ਦੇ ਪੁੱਤਾਂ-ਧੀਆਂ ਨੂੰ ਨੌਕਰੀ ਮਿਲਣ ਲੱਗੀਆਂ: ਮੀਤ ਹੇਅਰ
ਦੋ ਸਾਲ ਵਿੱਚ 41 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ: ਮੀਤ ਹੇਅਰ
ਮੀਤ ਹੇਅਰ ਵੱਲੋਂ ਭਦੌੜ ਹਲਕੇ ਦੇ ਪਿੰਡਾਂ ਵਿੱਚ ਕੀਤੀਆਂ ਜਨ ਸਭਾਵਾਂ ਵਿੱਚ ਜੁੜਿਆ ਭਾਰੀ ਇਕੱਠ
ਬਤੌਰ ਕੈਬਨਿਟ ਮੰਤਰੀ ਲਾਮਿਸਾਲ ਕੰਮ ਕਰਨ ਵਾਲਾ ਮੀਤ ਹੇਅਰ ਹੁਣ ਸੰਗਰੂਰ ਦਾ ਵਿਕਾਸ ਕਰਵਾਏਗਾ: ਲਾਭ ਸਿੰਘ ਉੱਗੋਕੇ
ਦਲਜੀਤ ਕੌਰ
ਕੁੱਬੇ/ਅਤਰਗੜ੍ਹ/ਅਸਪਾਲ ਕਲਾਂ/ਕੋਟਦੁੱਨਾ/ਕਾਲੇਕੇ (ਬਰਨਾਲਾ), 7 ਮਈ, 2024: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਭਦੌੜ ਹਲਕੇ ਦੇ ਪਿੰਡਾਂ ਵਿੱਚ ਚੋਣ ਸਭਾਵਾਂ ਕੀਤੀਆਂ ਜਿਨ੍ਹਾਂ ਵਿੱਚ ਪਿੰਡ ਵਾਸੀਆਂ ਦੀ ਭਾਰੀ ਭੀੜ ਜੁੜੀ।
ਮੀਤ ਹੇਅਰ ਨੇ ਅੱਜ ਕੁੱਬੇ,ਅਤਰਗੜ੍ਹ,ਅਸਪਾਲ ਕਲਾਂ,ਕੋਟਦੁੱਨਾ,ਕਾਲੇਕੇ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਹਨ ਨਾ ਕਿ ਪਿਛਲੀਆਂ ਸਰਕਾਰਾਂ ਵਾਂਗ ਆਪਣੇ ਹੀ ਘਰ ਦੇ ਨਿਆਣਿਆਂ ਨੂੰ ਨੌਕਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਨੌਕਰੀਆਂ ਮਿਲੀਆਂ ਜਿਨ੍ਹਾਂ ਵਿੱਚ ਰਵਨੀਤ ਬਿੱਟੂ ਦੇ ਭਰਾ ਨੂੰ ਡੀਐਸਪੀ ਬਣਾਇਆ, ਪ੍ਰਤਾਪ ਬਾਜਵਾ ਦੇ ਭਤੀਜੇ ਅਤੇ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ। ਇਥੋਂ ਤੱਕ ਕਿ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਆਈ.ਏ.ਐਸ. ਬਣਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ 41 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਅਤੇ ਆਉਣ ਵਾਲੇ ਤਿੰਨ ਸਾਲਾਂ ਵਿੱਚ ਹੋਰ ਵੱਡੀ ਗਿਣਤੀ ਵਿੱਚ ਭਰਤੀ ਕੀਤੀ ਜਾ ਰਹੀ ਹੈ।
ਮੀਤ ਹੇਅਰ ਨੇ ਕਿਹਾ ਕਿ ਮੈਂ ਤੇ ਲਾਭ ਸਿੰਘ ਉੱਗੋਕੇ ਤੁਹਾਡੇ ਸਾਹਮਣੇ ਖੜ੍ਹੇ ਹਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਨਿਵਾਜਿਆ ਅਤੇ ਆਮ ਘਰਾਂ ਦੇ ਮੁੰਡਿਆਂ ਨੂੰ ਰਾਜਨੀਤੀ ਵਿੱਚ ਲਿਆਂਦਾ। ਦੂਜੀਆਂ ਪਾਰਟੀਆਂ ਨੇ ਹਮੇਸ਼ਾ ਹੀ ਆਪਣੇ ਪਰਿਵਾਰਾਂ ਵਿੱਚ ਟਿਕਟਾਂ ਦਿੱਤੀਆਂ ਜਾਂ ਫੇਰ ਧਨਾਢਾਂ ਨੂੰ ਸਿਆਸਤ ਵਿੱਚ ਲਿਆਂਦਾ। ਦੂਜੀਆਂ ਪਾਰਟੀਆਂ ਆਮ ਘਰਾਂ ਦੇ ਦੁੱਖਾਂ, ਲੋੜਾਂ ਨੂੰ ਕਿਵੇਂ ਸਮਝ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਦੇ ਪਿਆਰ ਸਦਕਾ ਸੂਬੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਬੇਮਿਸਾਲ ਕੰਮ ਕੀਤੇ ਹਨ ਅਤੇ ਹੁਣ ਵੇਲਾ ਹੈ ਕਿ ਕੇਂਦਰ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ।
ਐਮ.ਐਲ.ਏ.ਲਾਭ ਸਿੰਘ ਉਗੋਕੇ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਮਸਤੀ ਹੈ ਕਿ ਸਾਨੂੰ ਪਾਰਲੀਮੈਂਟ ਵਿੱਚ ਨੁਮਾਇੰਦਗੀ ਲਈ ਨੌਜਵਾਨ, ਮਿਹਨਤੀ ਅਤੇ ਇਮਾਨਦਾਰ ਲੀਡਰ ਦਿੱਤਾ ਹੈ। ਮੀਤ ਹੇਅਰ ਨੇ ਬਤੌਰ ਕੈਬਨਿਟ ਮੰਤਰੀ ਆਪਣੇ ਵਿਭਾਗਾਂ ਵਿੱਚ ਲਾਮਿਸਾਲ ਕੰਮ ਕੀਤੇ। ਖੇਡ ਨੀਤੀ ਬਣਾਉਣੀ, ਟੇਲਾਂ ਤੱਕ ਪਾਣੀ ਭੇਜਣਾ, ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦੇਣਾ ਆਦਿ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ ਕਿ ਭਦੌੜ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲੇਗੀ।