“ਲੇਖਕਾਂ ਸੰਗ ਸੰਵਾਦ ” ਦੇ ਅੰਤਰਗਤ ਸਾਹਿਤਕਾਰ ਅਤੇ ਕਵੀਸ਼ਰ ਗੁਰਦੀਪ ਸਿੰਘ ਪ੍ਰਵਾਨਾ ਨਾਲ ਰਚਾਇਆ ਸੰਵਾਦ

0
205

ਅਮ੍ਰਿਤਸਰ,ਰਾਜਿੰਦਰ ਰਿਖੀ
-ਜਨਵਾਦੀ ਲੇਖਕ ਸੰਘ ਅਤੇ ਅਮ੍ਰਿਤਸਰ ਸਰਹੱਦੀ ਸਾਹਿਤ ਸਭਾ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਾਹਿਤ ਬਜੁਰਗ ਸਾਹਿਤਕਾਰ ਅਤੇ ਪੰਥਕ ਕਵੀਸ਼ਰ ਗੁਰਦੀਪ ਸਿੰਘ ਪ੍ਰਵਾਨਾ ਨਾਲ ਸਾਹਿੱਤਕ ਸੰਵਾਦ ਰਚਾਇਆ ਗਿਆ।

ਉਹਨਾਂ ਦੇ ਗ੍ਰਹਿ ਕਰਤਾਰ ਨਗਰ ਵਿਖੇ ਹੋਏ ਇਸ ਸਮਾਗਮ ਦਾ ਆਗਾਜ਼ ਲੈਕਚਰਾਰ ਸਤਨਾਮ ਸਿੰਘ ਦੇ ਸਵਾਗਤੀ ਸਬਦਾਂ ਨਾਲ ਹੋਇਆ। ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਅਜਿਹੇ ਸਮਾਗਮਾਂ ਦੀ ਪਿਰਤ ਤੋਂ ਸਾਡਾ ਮਨੋਰਥ ਜਿਥੇ ਲੇਖਕ ਦੇ ਆਪਣੇ ਪਰਿਵਾਰ ਅਤੇ ਸਾਹਿਤਕ ਪਰਿਵਾਰ ਦਾ ਆਪਸੀ ਤਾਲਮੇਲ ਬਣਾਉਣਾ ਹੈ ਉਥੇ ਘਰ ਪਰਿਵਾਰ ਅੰਦਰ ਟੁੱਟ ਰਹੇ ਆਪਸੀ ਸੰਵਾਦ ਨੂੰ ਬਹਾਲ ਕਰਾਉਣਾ ਵੀ ਹੈ। ਗੁਰਦੀਪ ਸਿੰਘ ਪ੍ਰਵਾਨਾ ਹੁਰਾਂ ਢਿੱਲੀ ਸਿਹਤ ਦੇ ਬਾਵਜੂਦ ਆਏ ਲੇਖਕਾਂ ਨੂੰ ਖਿੜੇ ਮੱਥੇ ਮਿਲਦਿਆਂ ਵਿਛੜ ਗਏ ਆਪਣੇ ਸਾਥੀ ਸਾਹਿਤਕਾਰਾਂ ਵਿਚੋਂ ਸ਼੍ਰੀ ਪਰਮਿੰਦਰਜੀਤ, ਕੁਲਵੰਤ ਸਿੰਘ ਸੂਫੀ,ਦਰਸ਼ਨ ਧੰਜਲ,ਖੁਸ਼ਵੰਤ ਕੰਵਲ, ਤਲਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ ਆਦਿ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ।

ਮਨਮੋਹਨ ਬਾਸਰਕੇ ਅਤੇ ਹਰਜੀਤ ਸਿੰਘ ਸੰਧੂ ਨੇ ਪ੍ਰਵਾਨਾ ਹੁਰਾਂ ਦੀਆਂ ਪੁਸਤਕਾਂ ਦੇ ਹਵਾਲੇ ਨਾਲ ਗਲਾਂ ਕਰਦਿਆਂ ਕਿਹਾ ਕਿ ਇਹਨਾਂ ਦੇ ਲਿਖਣ ਵਿਚ ਸਹਿਜਤਾ ਅਤੇ ਬੋਲਣ ਵਿਚ ਠਰੰਮਾ ਸੀ । ਇਹੋ ਸਹਿਜਤਾ ਇਹਨਾਂ ਜੀਵਨ ਸ਼ੈਲੀ ਵਿਚ ਵੀ ਬਰਕਰਾਰ ਰੱਖੀ। ਨਾਵਲਕਾਰ ਵਜੀਰ ਸਿੰਘ ਰੰਧਾਵਾ ਅਤੇ ਕਾਲਮ ਨਵੀਸ ਸੁਖਬੀਰ ਖੁਰਮਣੀਆਂ ਨੇ ਕਿਹਾ ਕਿ ਅਜਿਹੇ ਸਮਾਗਮ ਜਿਥੇ ਲੇਖਕ ਨੂੰ ਮਾਣ ਇੱਜਤ ਬਖਸ਼ਦੇ ਹਨ ਉਥੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਬਣਦੇ ਹਨ। ਅਜੀਤ ਸਿੰਘ ਨਬੀਪੁਰੀ ਅਤੇ ਸੁਖਦੇਵ ਸਿੰਘ ਨੇਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ। ਹੋਰਨਾਂ ਤੋਂ ਇਲਾਵਾ ਇਸ ਸਮੇਂ ਹਰਜੀਤ ਸਿੰਘ, ਮਨਜੀਤ ਸਿੰਘ ਕੰਵਲ ਪਲਵਿੰਦਰ ਕੌਰ, ਸ੍ਰੀਮਤੀ ਰੇਨੂੰ, ਰਾਜਵਿੰਦਰ ਕੌਰ, ਪਰਮਜੀਤ ਕੌਰ ਅਤੇ ਸਰਬਜੀਤ ਕੌਰ ਹਾਜਰ ਸਨ।

LEAVE A REPLY

Please enter your comment!
Please enter your name here