ਚੰਡੀਗੜ-(ਨਿੰਦਰ ਘੁਗਿਆਣਵੀ)
ਸਵੀਡਨ ‘ਚ ਲੰਮਾ ਸਮਾਂ ਗੁਜ਼ਾਰ ਕੇ ਚਾਰ ਨਵੰਬਰ ਨੂੰ ਆਪਣੇ ਜੱਦੀ ਪਿੰਡ ਜੰਡਾਲੀ, ਤਹਿਸੀਲ ਪਾਇਲ ਪਰਤੇ ਨਿੰਦਰ ਗਿੱਲ ਦੀ ਮੌਤ ਹੋ ਗਈ ਹੈ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਉਨਾਂ ਦੀ ਮੌਤ ਉਤੇ ਡੂੰਢੇ ਦੁਖ ਦਾ ਪਰਗਟਾਵਾ ਕੀਤਾ ਹੈ। ਡਾ. ਪਾਤਰ ਨੇ ਕਿਹਾ ਕਿ ਨਿੰਦਰ ਗਿੱਲ ਅਨੁਭਵੀ ਲੇਖਕ ਸੀ। ਉਨ੍ਹਾਂ ਇਥੇ ਰਹਿੰਦਿਆਂ ਪੰਜਾਬ ਸਰਕਾਰ ਦੇ ਲੋਕਲ ਆਡਿਟ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਨੌਕਰੀ ਵੀ ਕੀਤੀ। ਨਿੰਦਰ ਗਿੱਲ ਦੀ ਪ੍ਰੇਰਨਾ ਤੇ ਉਤਸ਼ਾਹ ਨਾਲ ਹੀ ਅਜਾਇਬ ਚਿਤਰਕਾਰ ਦੀ ਪ੍ਰਧਾਨਗੀ ਅਤੇ ਬਲਬੀਰ ਆਤਿਸ਼ ਦੀ ਜਨਰਲ ਸਕੱਤਰੀ ਵਿੱਚ ਪੀਏਯੂ ਸਾਹਿਤ ਸਭਾ ਦੀ ਸਥਾਪਨਾ ਕੀਤੀ ਗਈ ਸੀ। ਪਰਿਸ਼ਦ ਦੇ ਉਪ ਚੇਅਰਮੈਨ ਡਾ.ਯੋਗਰਾਜ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਨਿੰਦਰ ਗਿੱਲ ਪੰਜਾਬੀ ਦਾ ਚਰਚਿਤ ਨਾਵਲਕਾਰ ਤੇ ਕਹਾਣੀਕਾਰ ਸੀ ਤੇ ਵਧੀਆ ਮਨੁੱਖ ਸੀ। ਉਹ ਪੰਜਾਬ ਸੰਕਟ ਦੌਰਾਨ ਲਿਖੇ ਨਾਵਲ ‘ਪੰਜਾਬ 84’ ਰਾਹੀਂ ਉਹ ਚਰਚਾ ਵਿੱਚ ਆਏ ਸਨ। ਪਰਿਸ਼ਦ ਦੇ ਸਕੱਤਰ ਡਾ.ਲਖਵਿੰਦਰ ਜੌਹਲ ਨੇ ਦੱਸਿਆ ਕਿ ਨਿੰਦਰ ਗਿੱਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ ਤੇ ਅਕਾਦਮੀ ਨੇ ਵੀ ਉਨਾਂ ਦੀ ਮੌਤ ਉਤੇ ਦੁਖ ਪਰਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਨਿੰਦਰ ਗਿੱਲ ਦਾ ਭੋਗ ਤੇ ਅੰਤਿਮ ਅਰਦਾਸ 22 ਨਵੰਬਰ ਨੂੰ ਪਿੰਡ ਜੰਡਾਲੀ(ਨੇੜੇ ਪਾਇਲ) ਲੁਧਿਆਣਾ ਵਿਖੇ ਹੋਵੇਗੀ।