ਚੋਣਾਂ ਦੌਰਾਨ ਸ਼ੱਕੀ ਵਿਅਕਤੀਆਂ ਤੇ ਰੱਖੀ ਜਾਵੇਗੀ ਸਖ਼ਤ ਨਜ਼ਰ – ਕਮਿਸ਼ਨਰ ਪੁਲਿਸ
ਅੰਮ੍ਰਿਤਸਰ 27 ਮਾਰਚ 2024
ਆ ਰਹੀਆਂ ਲੋਕਸਭਾ ਚੋਣਾਂ ਦੌਰਾਨ ਹਰੇਕ ਪੋਲਿੰਗ ਸਟੇਸ਼ਨ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਪੁਲਿਸ ਅਧਿਕਾਰੀਆਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨਾਂ ਦੱਸਿਆ ਕਿ ਜਿ਼ਲ੍ਹੇ ਵਿੱਚ ਕੁੱਲ 361 ਵਲਨੂਰੇਬਲ ਸਥਾਨਾਂ ਅਤੇ 624 ਵਲਨੂਰੇਬਲ ਪੋਲਿੰਗ ਸਟੇਸ਼ਨਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਬਾਕੀ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਸਖ਼ਤ ਚੌਕਸੀ ਵਰਤੀ ਜਾ ਰਹੀ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਹੁਲੜਬਾਜੀ ਨਹੀਂ ਕਰਨ ਦਿੱਤੀ ਜਾਵੇਗੀ। ਉਨਾਂ ਸਪਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਤੇ ਅਮਲ ਕਰਦੇ ਹੋਏ ਇਹ ਚੋਣਾਂ ਬਿਲਕੁੱਲ ਨਿਰਪੱਖ, ਪਾਰਦਰਸਿ਼ਤਾਂ ਅਤੇ ਭੈਅ ਮੁਕਤ ਮਾਹੌਲ ਵਿੱਚ ਨੇਪਰੇ ਚਾੜ੍ਹਨ ਲਈ ਯੋਗ ਪ੍ਰਬੰਧ ਕੀਤੇ ਗਏ ਹਨ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਹਰਕਤ ਤੇ ਕਾਬੂ ਪਾਉਣ ਲਈ ਪੁਲਿਸ ਫੋਰਸ ਤਿਆਰ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਰਾਰਤ ਨਹੀਂ ਕਰਨ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਚੈਕਿੰਗ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਸ਼ੱਕੀ ਵਿਅਕਤੀਆਂ ਉਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਦੱਸਿਆ ਕਿ ਚੋਣਾਂ ਦੌਰਾਨ ਅਮਨ ਸ਼ਾਤੀ ਅਤੇ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਲੋਕਾਂ ਨੂੰ ਆਪਣੇ ਲਾਇਸੰਸੀ ਹਥਿਆਰ ਤੁਰੰਤ ਸਬੰਧਤ ਥਾਣਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਜਿਨ੍ਹਾਂ ਲੋਕਾਂ ਵਲੋਂ ਅਜੇ ਤੱਕ ਲਾਇਸੰਸੀ ਹਥਿਆਰ ਨਹੀਂ ਜਮ੍ਹਾਂ ਕਰਵਾਏ ਗਏ ਉਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਸ.ਐਸ. ਪੀ. ਦਿਹਾਤੀ ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ, ਐਸ ਡੀ ਐਮ ਮਜੀਠਾ ਡਾ. ਹਰਨੂਰ ਕੌਰ ਢਿਲੋਂ, ਐਸ ਡੀ ਐਮ ਬਾਬਾ ਬਕਾਲਾ ਸ: ਰਵਿੰਦਰ ਸਿੰਘ, ਐਸ ਡੀ ਐਮ ਲੋਪੋਕੇ ਮੈਡਮ ਅਮਨਦੀਪ ਕੌਰ, ਆਰ ਟੀ ਏ ਸ: ਅਰਸ਼ਦੀਪ ਸਿੰਘ ਤੋਂ ਇਲਾਵਾ ਸਬੰਧਤ ਅਧਿਕਾਰੀ ਹਾਜ਼ਰ ਸਨ।