ਲੋਕ ਸਭਾ ਚੋਣਾਂ ਦੌਰਾਨ ਹਰ ਉਮੀਦਵਾਰ ਦੇ ਚੋਣ ਖਰਚਿਆਂ ‘ਤੇ ਰੱਖੀ ਜਾਵੇਗੀ ਨਜ਼ਰ: ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ

0
86
ਲੋਕ ਸਭਾ ਚੋਣਾਂ ਦੌਰਾਨ ਹਰ ਉਮੀਦਵਾਰ ਦੇ ਚੋਣ ਖਰਚਿਆਂ ‘ਤੇ ਰੱਖੀ ਜਾਵੇਗੀ ਨਜ਼ਰ: ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ
ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਖਰਚਿਆਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ
ਜ਼ਿਲ੍ਹਾ ਖਰਚਾ ਮੋਨੀਟਰਿੰਗ ਸੈਲ ਦੇ ਨੋਡਲ ਅਫ਼ਸਰ ਅਸ਼ਵਨੀ ਕੁਮਾਰ ਨੇ ਵੀ ਕਰਵਾਇਆ ਜਾਣੂ
ਸੰਗਰੂਰ, 27 ਅਪ੍ਰੈਲ, 2024: ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੁਆਰਾ ਕੀਤੇ ਜਾਣ ਵਾਲੇ ਖਰਚਿਆਂ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਮੀਟਿੰਗ ਦੌਰਾਨ ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਤੋਂ ਲੈ ਕੇ ਲੋਕ ਸਭਾ ਚੋਣਾਂ ਦੀ ਸਮਾਪਤੀ ਤੱਕ ਹਰੇਕ ਉਮੀਦਵਾਰਾਂ ਦੁਆਰਾ ਕੀਤੇ ਜਾਣ ਵਾਲੇ ਖਰਚੇ ਦਾ ਮੁਕੰਮਲ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ ਅਤੇ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਵੱਖਰਾ ਬੈਂਕ ਖਾਤਾ ਖੋਲ੍ਹਣਾ ਪਵੇਗਾ।
ਇਸ ਮੌਕੇ ਜ਼ਿਲ੍ਹਾ ਖਰਚਾ ਮੋਨੀਟਰਿੰਗ ਸੈਲ ਦੇ ਨੋਡਲ ਅਫ਼ਸਰ-ਕਮ-ਡੀ.ਸੀ.ਐਫ.ਏ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਮੀਦਵਾਰ ਹਰ ਅਦਾਇਗੀ ਇਸ ਵੱਖਰੇ ਬੈਂਕ ਖਾਤੇ ’ਚੋਂ ਪ੍ਰਾਪਤ ਕਰੇਗਾ ਅਤੇ ਉਸ ਨੂੰ ਮਿਲਣ ਵਾਲਾ ਚੰਦਾ ਜਾਂ ਹੋਰ ਪ੍ਰਾਪਤ ਹੋਣ ਵਾਲੀ ਰਕਮ ਇਸ ਖਾਤੇ ’ਚ ਜਮ੍ਹਾ ਕਰਵਾਏਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਲੋਕ ਸਭਾ ਹਲਕੇ ’ਚ 95 ਲੱਖ ਰੁਪਏ ਤੋਂ ਵੱਧ ਦਾ ਖਰਚ ਨਹੀਂ ਕਰ ਸਕੇਗਾ ਅਤੇ ਇਸ ਖਰਚ ਕੀਤੀ ਜਾਣ ਵਾਲੀ ਰਾਸ਼ੀ ਦੇ ਵਸੀਲੇ ਵੀ ਉਸ ਨੂੰ ਦੱਸਣੇ ਪੈਣਗੇ ਅਤੇ ਖਰਚਿਆਂ ਦੀ ਨਿਗਰਾਨੀ ਲਈ ਤਾਇਨਾਤ ਟੀਮਾਂ ਇਸ ਸਬੰਧੀ ਪੂਰੀ ਚੌਕਸੀ ਰੱਖਣਗੀਆਂ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲਾ ਉਮੀਦਵਾਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਕੋਲੋਂ 10 ਹਜ਼ਾਰ ਤੋਂ ਵਧੇਰੇ ਰਾਸ਼ੀ ਨਕਦੀ ਦੇ ਰੂਪ ’ਚ ਨਹੀਂ ਲੈ ਸਕੇਗਾ ਅਤੇ ਉਮੀਦਵਾਰ ਵੱਲੋਂ ਲਾਏ ਜਾਣ ਵਾਲੇ ਖਰਚਾ ਰਜਿਸਟਰ ਦੇ ਤਿੰਨ ਹਿੱਸੇ ਹੋਣਗੇ, ਜਿਨ੍ਹਾਂ ’ਚ ਰੋਜ਼ਾਨਾ ਦੇ ਚੋਣ ਖਰਚ ਦਾ ਵੇਰਵਾ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਤੋਂ ਬਾਅਦ ਖਰਚਾ ਰਜਿਸਟਰਾਂ ਦੇ ਮਿਲਾਨ ਲਈ ਚੋਣ ਖਰਚਾ ਅਧਿਕਾਰੀਆਂ ਨਾਲ ਤਿੰਨ ਮੀਟਿੰਗਾਂ ਹੋਣਗੀਆਂ।
ਅਸ਼ਵਨੀ ਕੁਮਾਰ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਜਾਂ ਚੋਣ ਰੈਲੀ ਲਈ ਵਰਤੇ ਜਾਣ ਵਾਲੇ ਵਾਹਨਾਂ ਦੀ ਅਗੇਤੇ ਤੌਰ ’ਤੇ ਪ੍ਰਵਾਨਗੀ ਲੈਣੀ ਲਾਜ਼ਮੀ ਹੈ ਅਤੇ ਲੋਕ ਸਭਾ ਹਲਕੇ ਵਿੱਚ ਚੋਣਾਂ ਸਬੰਧੀ ਹਰੇਕ ਕਿਸਮ ਦੀ ਗਤੀਵਿਧੀ ’ਤੇ ਨਜ਼ਰ ਰੱਖਣ ਲਈ ਵੱਖ ਵੱਖ ਨੋਡਲ ਅਧਿਕਾਰੀਆਂ ਦੀ ਅਗਵਾਈ ਹੇਠ ਚੌਕਸੀ ਟੀਮਾਂ ਪਹਿਲਾਂ ਤੋਂ ਹੀ ਕਾਰਜਸ਼ੀਲ ਹਨ ਜਦਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਦਿਨ ਤੋਂ ਹੀ ਸਟੇਟਿਕ ਸਰਵੇਲੈਂਸ ਟੀਮਾਂ ਕਾਰਵਾਈ ਸ਼ੁਰੂ ਕਰ ਦੇਣਗੀਆਂ।
ਮੀਟਿੰਗ ਦੌਰਾਨ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਸਾਰੀ ਜਾਣਕਾਰੀ ਵਿਸਥਾਰ ਵਿੱਚ ਦਿੱਤੀ ਗਈ ਅਤੇ ਮੌਕੇ ’ਤੇ ਹੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਉਮੀਦਵਾਰ ਜਾਂ ਚੋਣ ਏਜੰਟ ਇਸ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਚਾਹੁੰਦਾ ਹੈ ਤਾਂ ਉਹ ਖਰਚਾ ਮੋਨੀਟਰਿੰਗ ਸੈਲ ਵਿੱਚ ਰਾਬਤਾ ਕਰ ਸਕਦਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਏਸੀਐਫਏ ਕਮਲ ਸ਼ਰਮਾ, ਜ਼ਿਲ੍ਹਾ ਸਹਾਇਕ ਖਰਚਾ ਅਬਜਰਵਰ ਰਵਿੰਦਰ ਨਾਥ, ਤਹਿਸੀਲਦਾਰ ਚੋਣਾਂ ਪਰਮਜੀਤ ਕੌਰ ਵੀ ਮੌਜੂਦ ਸਨ।
ਫੋਟੋ ਕੈਪਸ਼ਨ : ਐਡੀਸ਼ਨਲ ਜ਼ਿਲਾ ਚੋਣ ਅਫਸਰ ਸ੍ਰੀ ਆਕਾਸ਼ ਬਾਂਸਲ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਖਰਚਿਆਂ ਬਾਰੇ ਜਾਣਕਾਰੀ ਦਿੰਦੇ ਹੋਏ।

LEAVE A REPLY

Please enter your comment!
Please enter your name here