17 ਮਈ ਨੂੰ ਹਰਨੇਕ ਸਿੰਘ ਮਹਿਮਾ ਨੂੰ ਰਿਹਾਅ ਕਰਾਉਣ ਲਈ ਦਿੱਤੇ ਜਾ ਧਰਨੇ ਦੀ ਹਮਾਇਤ ਕਰਾਂਗੇ: ਖੰਨਾ, ਦੱਤ
ਦਲਜੀਤ ਕੌਰ
ਬਰਨਾਲਾ, 15 ਮਈ, 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਕਿਸਾਨ ਜਥੇਬੰਦੀਆਂ ਨੂੰ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਵਿੱੱਚ ਵਿਘਨ ਪਾਉਣ ਤੋਂ ਗੁਰੇਜ ਕਰਨ ਵਾਲੇ ਬਿਆਨ ਦੀ ਦੇਰ ਹੀ ਸੀ ਕਿ ਪੁਲਿਸ ਨੇ ਆਪਣੇ ਰੰਗ ਵਿਖਾਉਂਦਿਆਂ ਭਾਕਿਯੂ ਏਕਤਾ-ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਇੱਕ 8 ਸਾਲ ਪੁਰਾਣੇ ਪੁਲਿਸ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਇਨਕਲਾਬੀ ਕੇੰਦਰ, ਪੰਜਾਬ ਦੇ ਆਗੂਆਂ ਨਰਾਇਣ ਦੱਤ, ਕੰਵਲਜੀਤ ਖੰਨਾ, ਮੁਖਤਿਆਰ ਸਿੰਘ ਪੂਹਲਾ ਅਤੇ ਜਗਜੀਤ ਸਿੰਘ ਲਹਿਰਾ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਇਸ ਘਿਨਾਉਣੇ ਲੋਕ ਵਿਰੋਧੀ ਕਦਮ ਬਾਰੇ ਕਿਹਾ ਕਿ ਵੱਖ ਵੱਖ ਪਾਰਟੀਆਂ ਵੱਲੋਂ ਚੋਣਾਂ ਸਮੇਂ ਵਾਅਦੇ ਪੂਰੇ ਨਾਂ ਕਰਨ ਤੇ ਐਸਕੇਐਮ ਵੱਲੋਂ ਤਹਿ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਦੀ ਜ਼ਿੰਦਗੀ ਨਾਲ ਸਰੋਕਾਰ ਰੱਖਦੇ ਸਵਾਲ ਪੁੱਛੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਹੁਣ ਵੋਟਰ ਜਾਗਰੂਕ ਹੋ ਚੁੱਕੇ ਹਨ। ਇਹ ਲੋਕਾਂ ਦੀ ਜਮਾਤੀ ਸੋਝੀ ਲਈ ਉਸਾਰੂ ਅਤੇ ਸ਼ੁਭ ਕਦਮ ਹੈ। ਆਗੂਆਂ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਜੋ ਸਿਆਸੀ ਪਾਰਟੀਆਂ ਚੋਣਾਂ ਸਮੇ ਭੋਲੇ ਭਾਲੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ, ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਪਾਰਲੀਮੈਂਟ ਵਿੱਚ ਮੈਂਬਰ ਬਣ ਜਾਂਦੇ ਹਨ। ਅਜਿਹੀ ਧੋਖੇ ਭਰੀ ਖੇਡ ਸਾਰੀਆਂ ਹੀ ਪਾਰਲੀਮਾਨੀ ਪਾਰਟੀਆਂ ਪਿਛਲੇ 77 ਸਾਲ ਤੋਂ ਕਰ ਰਹੀਆਂ ਹਨ। ਲੋਕਾਂ ਕੋਲ ਤਾਂ ਇਹ ਮਹੀਨਾ ਭਰ ਹੀ ਆਉਂਦੇ ਹਨ, ਸਤਾ ਦੀ ਕੁਰਸੀ ਸੰਭਾਲਣ ਤੋਂ ਬਾਅਦ ਤਾਂ ਇਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਲੱਗ ਜਾਂਦੇ ਹਨ। ਮੋਦੀ ਹਕੂਮਤ ਵੱਲੋਂ ਐਮਐਸਪੀ, ਸੀ-2+50% ਮੁਨਾਫ਼ਾ ਜੋੜਕੇ ਫ਼ਸਲਾਂ ਦੇ ਭਾਅ ਮੁਕੱਰਰ ਕਰਨ, ਹਰ ਹਾਲ ਦੋ ਕਰੋੜ ਨੌਕਰੀਆਂ ਦੇਣ, ਕਾਲਾ ਧਨ ਬਾਹਰੋਂ ਲਿਆ ਕੇ ਹਰ ਭਾਰਤੀ ਦੇ ਖਾਤੇ ਵਿੱਚ 15 ਲੱਖ ਜਮ੍ਹਾਂ ਕਰਨ, ਕਿਸਾਨਾਂ-ਮਜਦੂਰਾਂ ਦਾ ਕਰਜ਼ਾ, ਮਹਿੰਗਾਈ ਨੂੰ ਨੱਥ ਪਾਉਣ, ਗ਼ਰੀਬ -ਅਮੀਰ ਦਾ ਪਾੜਾ ਖ਼ਤਮ ਕਰਨ, ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਨਾਉਣ, ਸੰਘਰਸ਼ਸ਼ੀਲ ਤਬਕਿਆਂ ਜਬਰ ਦਾ ਨਿਸ਼ਾਨਾ ਬਨਾਉਣ, ਸੰਘਰਸ਼ ਦੌਰਾਨ ਕਿਸਾਨਾਂ ਸਿਰ ਮੜ੍ਹੇ ਝੂਠੇ ਪੁਲਿਸ ਕੇਸ ਵਾਪਸ ਲੈਣ, ਲਖੀਮਪੁਰ ਖੀਰੀ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਕਾਤਲ ਅਜੇ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਵਿੱਚੋਂ ਖਾਰਜ ਕਰਨ ਆਦਿ ਬੁਨਿਆਦੀ ਮਸਲਿਆਂ ਸਵਾਲ ਕਰਨਾ ਹਰ ਇਨਸਾਫ਼ ਪਸੰਦ ਜਨਤਕ ਜਥੇਬੰਦੀਆਂ ਦਾ ਜਮਹੂਰੀ ਹੱਕ ਹੈ।
ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਪਾਰਲੀਮੈਂਟ ਮੈਂਬਰ ਦੀ ਮੈਂਬਰਸ਼ਿਪ ਖ਼ਤਮ ਕਰਨੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਵਿੱਚ ਚੋਣ ਮਨੋਰਥ ਪੇਸ਼ ਕਰਨ ਦਾ ਜਮਹੂਰੀ ਹੱਕ ਹੈ ਤਾਂ ਲੋਕਾਂ ਦਾ ਵੀ ਸੁਆਲ ਕਰਨਾ ਜਮਹੂਰੀ ਹੱਕ ਹੈ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸੋਢੀ ਵੱਲੋਂ ਪ੍ਰਚਾਰ ਕਰਨ ਮੌਕੇ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਹੇਠ ਤਿੰਨ ਥਾਵਾਂ ‘ਤੇ ਸਵਾਲ ਕਰਨ ਲਈ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ। ਸਾਰੇ ਹੀ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਪੁੱਜਕੇ ਦੇਰ ਰਾਤ ਤੱਕ ਹੈਰਾਨ ਕੀਤਾ। ਹਰਨੇਕ ਸਿੰਘ ਮਹਿਮਾ ਨੂੰ 8 ਸਾਲ ਪੁਰਾਣੇ ਕੇਸ ਵਿੱਚ ਫੜ੍ਹਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਜਦਕਿ ਹਰਨੇਕ ਸਿੰਘ ਮਹਿਮਾ ਲਗਾਤਾਰ ਕਿਸਾਨ ਸੰਘਰਸ਼ਾਂ ਦੀ ਅਗਵਾਈ ਕਰ ਰਿਹਾ ਹੈ। ਇਸ ਸਮੇਂ ਗ੍ਰਿਫ਼ਤਾਰ ਕਰਨਾ ਸੰਘਰਸ਼ ਕਰ ਰਹੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਲੋਕ ਮਸਲੇ ਉਭਾਰਨ ਤੋਂ ਰੋਕਣ ਦੀ ਸਾਜ਼ਿਸ਼ ਹੈ, ਪਰ ਹਾਕਮਾਂ ਨੂੰ ਕੰਧ ਤੇ ਲਿਖਿਆ ਲੋਕਾਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਕਿ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣ ਨਾਲ ਸੰਘਰਸ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ ਸਗੋਂ ਇਹ ਜਬਰ ਸੰਘਰਸ਼ਾਂ ਦੀ ਖੁਰਾਕ ਬਣ ਜਾਇਆ ਕਰਦਾ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਮਿਹਨਤਕਸ਼ ਲੋਕਾਈ ਨੂੰ ਕਿਹਾ ਕਿ ਉਹ ਪੂਰੇ ਧੜੱਲੇ ਨਾਲ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਤੋਂ ਸਵਾਲ ਕਰਨ, ਜਵਾਬ ਦੇਹ ਬਨਾਉਣ, ਪਰਦਾਚਾਕ ਕਰਨ ਤੋਂ ਅੱਗੇ ਚੋਣਾਂ ਦੀ ਧੋਖੇ ਭਰੀ ਖੇਡ ਤੋਂ ਝਾਕ ਛੱਡਦਿਆਂ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਰੱਖਣ ਲਈ ਅੱਗੇ ਆਉਣ। ਪੁਲਿਸ ਪ੍ਰਸ਼ਾਸਨ ਦੇ ਜ਼ਬਰ ਦਾ ਟਾਕਰਾ ਕਰਨ ਲਈ 17 ਮਈ ਨੂੰ ਐਸ ਐਸ ਪੀ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ।