ਵਿਸ਼ਵ ਭਰ ਵਿੱਚ ਵਸਦੇ ਸਾਹਿਤ ਪ੍ਰੇਮੀਆਂ, ਲੇਖਕਾਂ, ਕਵੀਜਨਾਂ ਵੱਲੋਂ ਕੀਤੀ ਜਾ ਰਹੀ ਹੈ ਪ੍ਰਸੰਸਾ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਸ਼ਾਇਰ ਤ੍ਰੈਲੋਚਨ ਲੋਚੀ ਜੀ ਲਿਖਦੇ ਹਨ ਕਿ
“ਜ਼ਾਲਮ ਕਹਿਣ ਬਲਾਵਾਂ ਹੁੰਦੀਆਂ,
ਕੁੜੀਆਂ ਤਾਂ, ਕਵਿਤਾਵਾਂ ਹੁੰਦੀਆਂ।”
ਕਰਜ਼ ਇਹਨਾਂ ਦਾ ਕੌਣ ਉਤਾਰੇ?
ਰੱਬ ਤੋਂ ਵੱਡੀਆਂ ਮਾਵਾਂ ਹੁੰਦੀਆਂ।
ਕੁੜੀਆਂ ਤਾਂ, ਕਵਿਤਾਵਾਂ ਹੁੰਦੀਆਂ।”
ਲੰਡਨ ਦੀ ਧਰਤੀ ‘ਤੇ ਭਾਈਚਾਰੇ ਦਾ ਆਲ੍ਹਣਾ ਬੁਣਨ ‘ਚ ਬਿਜੜੇ ਵਾਂਗ ਮਸਤ ਰੰਗਲੇ ਸੱਜਣ ਬਿੱਟੂ ਖੰਗੂੜਾ ਤੇ ਉਹਨਾਂ ਦੀ ਧਰਮ ਪਤਨੀ ਰੁੱਪੀ ਖੰਗੂੜਾ ਵੱਲੋਂ ਆਪਣੀ ਕਵਿਤਾ ਵਰਗੀ ਧੀ ਠੁਮਕਪਰੀਤ ਕੌਰ ਦੇ ਵਿਆਹ ਦੇ ਸ਼ੁਰੂਆਤੀ ਸਮਾਗਮ ਇੱਕ ਸਾਹਿਤਿਕ ਕਵੀ ਦਰਬਾਰ ਦੇ ਰੂਪ ਵਿੱਚ ਕਰਕੇ ਇੱਕ ਨਵੀਂ ਅਤੇ ਨਿਵੇਕਲੀ ਪਿਰਤ ਪਾਈ ਗਈ ਹੈ। ਸਾਹਿਤ ਤੇ ਸ਼ਾਇਰੀ ਨਾਲ ਅੰਤਾਂ ਦਾ ਮੋਹ ਕਰਨ ਵਾਲੇ ਬਿੱਟੂ ਖੰਗੂੜਾ ਦੇ ਪਿਆਰ ਬੁਲਾਵੇ ‘ਤੇ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਕੁਲਵੰਤ ਢਿੱਲੋਂ, ਆਬੀਰ, ਰੇਡੀਓ ਪੇਸ਼ਕਾਰਾ ਤੇ ਸ਼ਾਇਰਾ ਭਿੰਦਰ ਜਲਾਲਾਬਾਦੀ, ਨਾਵਲਕਾਰ ਮਹਿੰਦਰਪਾਲ ਧਾਲੀਵਾਲ, ਸ਼ਗੁਫਤਾ ਗਿੰਮੀ ਲੋਧੀ, ਜੱਸ ਸਪਰਾ, ਸਵੀਡਨ ਤੋਂ ਪਹੁੰਚੇ ਸਾਂਈ ਸੁੱਚਾ ਜੀ ਅਤੇ ਫਰੀਦਾ ਜੀ ਨੇ ਕਵਿਤਾਵਾਂ ਸੁਣਾ ਕੇ ਸ਼ਗਨਾਂ ਦੇ ਦਿਨ ‘ਚ ਸਾਹਿਤਕ ਰੰਗ ਭਰੇ। ਗਾਇਕ ਰਾਜ ਸੇਖੋਂ, ਸਿਕੰਦਰ ਬਰਾੜ, ਜਗਰੂਪ ਰੂਪਾ, ਮਨਦੀਪ, ਪਰਮਪਰੀਤ ਖਹਿਰਾ, ਸੁਨੀਲ ਸਜਾਲ, ਗੁਰਮੇਲ ਸੰਘਾ ਅਤੇ ਮਨਜੀਤ ਪੱਡਾ ਨੇ ਆਪਣੀ ਗਾਇਕੀ ਨਾਲ ਖ਼ੂਬ ਰੰਗ ਬੰਨ੍ਹਿਆ। ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਈਲਿੰਗ ਦੇ ਸਾਬਕਾ ਮੇਅਰ ਮਹਿੰਦਰ ਕੌਰ ਮਿੱਢਾ, ਕੌਮਾਂਤਰੀ ਚਰਚਾ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਢਿੱਲੋਂ ਮੁਰਾਦਵਾਲਾ, ਟੀਵੀ ਪੇਸ਼ਕਾਰਾ ਰੂਪ ਦਵਿੰਦਰ, ਫਿਲਮ ਅਦਾਕਾਰਾ ਰੂਪ ਖਟਕੜ, ਵੀਡੀਓਗਰਾਫਰ ਜੇ ਪਾਲ, ਨਾਟਕਕਾਰ ਜਤਿੰਦਰ ਸਿੱਧੂ, ਮਨਜਿੰਦਰ ਸਿੰਘ ਚਾਹਲ, ਗੁਰਪ੍ਰੀਤ ਗਿੱਲ, ਸ਼ਿਵਦੀਪ ਕੌਰ ਢੇਸੀ, ਮਨਜੀਤ ਕੌਰ ਸੁੰਨੜ ਅਤੇ ਅਰਸ਼ਪਰੀਤ ਸਿੰਘ ਖੰਗੂੜਾ ਵਿਸ਼ੇਸ਼ ਤੌਰ ‘ਤੇੇ ਸ਼ਾਮਲ ਹੋਏ। ਕਵੀ ਦਰਬਾਰ ਦੇ ਮੰਚ ਸੰਚਾਲਕ ਦੀ ਸੇਵਾ ਅਜ਼ੀਮ ਸ਼ੇਖਰ ਨੇ ਨਿਭਾਈ। ਬੇਸ਼ੱਕ ਵਿਆਹ ਸ਼ਾਦੀ ਦੇ ਸਮਾਗਮ ਵਿੱਚ ਨੱਚਣ ਗਾਉਣ ਵਰਗੀਆਂ ਗਤੀਵਿਧੀਆਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਹਨ ਪਰ ਧੀ ਰਾਣੀ ਦੇ ਵਿਆਹ ਮੌਕੇ ਸਾਹਿਤਕ ਦੋਸਤਾਂ ਦੇ ਸਾਥ ਵਿੱਚ ਕਵੀ ਦਰਬਾਰ ਵਰਗਾ ਉਪਰਾਲਾ ਕਰਕੇ ਬਿੱਟੂ ਖੰਗੂੜਾ ਨੇ ਯੂਕੇ ਦੀ ਧਰਤੀ ‘ਤੇ ਨਵੀਂ ਪਿਰਤ ਦਾ ਮੁੱਢ ਬੰਨ੍ਹਿਆ ਹੈ। ਬਿੱਟੂ ਖੰਗੂੜਾ ਤੇ ਪਰਿਵਾਰ ਦੇ ਇਸ ਫੈਸਲੇ ਤੇ ਉਪਰਾਲੇ ਦੀ ਵਿਸ਼ਵ ਭਰ ਵਿੱਚ ਵਸਦੇ ਸਾਹਿਤ ਪ੍ਰੇਮੀਆਂ ਤੇ ਲੇਖਕ ਕਵੀਜਨ ਭਾਈਚਾਰੇ ਵੱਲੋਂ ਰੱਜਵੀਂ ਪ੍ਰਸੰਸਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਿੱਟੂ ਖੰਗੂੜਾ ਲੰਡਨ ਵਿੱਚ ਰੇਡੀਓ ਪੇਸ਼ਕਾਰ ਦੇ ਨਾਲ ਨਾਲ ਪਰਪੱਕ ਸ਼ਾਇਰ ਵਜੋਂ ਵੀ ਜਾਣੇ ਜਾਂਦੇ ਹਨ।