ਲੰਡਨ: ‘ਸਿੱਖ ਫੋਰਮ ਇੰਟਰਨੈਸ਼ਨਲ’ ਵਲੋਂ 25ਵਾਂ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ

0
249

ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਏਸਵਾਮੀ, ਲੋਰਡ ਸਰ ਜੌਹਨ ਸਟੀਵਨਜ ਅਤੇ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਮਾਰਕ ਰਾਓਲੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਸਿੱਖ ਫੋਰਮ ਇੰਟਰਨੈਸ਼ਨਲ ਵਲੋਂ ਲੰਡਨ ਦੇ ਇਤਿਹਾਸਿਕ ਲਿੰਕਨਜ਼ ਹਾਊਸ ਵਿਖੇ ਸਿੱਖ ਐਵਾਰਡ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸਿੱਖ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ।
‘ਦ ਸਿੱਖ ਫੋਰਮ ਇੰਟਰਨੈਸ਼ਨਲ’ ਵਲੋਂ ਕਰਵਾਏ ਗਏ 25ਵੇਂ ਐਵਾਰਡ ਸਮਾਗਮ ਮੌਕੇ ਫੋਰਮ ਦੇ ਪ੍ਰੈਜ਼ੀਡੈਂਟ ਸ. ਰਣਜੀਤ ਸਿੰਘ ਓ.ਬੀ.ਈ ਨੇ ਐਵਾਰਡ ਸਮਾਗਮ ਨੂੰ ਕਿੰਗ ਚਾਰਲਸ ਤੀਜੇ ਦੀ ਤਾਜਪੋਸ਼ੀ ਨੂੰ ਸਮਰਪਿਤ ਕਰਦਿਆਂ ਖਾਸ ਦੱਸਿਆ ਗਿਆ। ਉਨ੍ਹਾਂ ਕੋਵਿਡ ਮਹਾਂਮਾਰੀ ਦੌਰਾਨ ਅਤੇ ਯੁਕਰੇਨ ਯੁੱਧ ਮੌਕੇ ਸਿੱਖ ਸੰਸਥਾਵਾਂ ਵਲੋਂ ਕੀਤੀ ਮਦਦ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿੱਖ ਫੋਰਮ ਵਲੋਂ ਬਰਤਾਨਵੀ ਸਿੱਖਾਂ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਕਾਰਜ ਸਿਰੇ ਚੜ੍ਹਾਏ ਗਏ ਹਨ ਅਤੇ ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਰਾਹੀਂ ਪੰਜਾਬ ਵਿੱਚ ਲੋੜਵੰਦ ਬੱਚਿਆਂ ਨੂੰ ਵਿਦਿਆ ਦਾ ਦਾਨ ਦੇਣ ਲਈ ਕਾਮਯਾਬ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮਸ੍ਰੀ ਸ. ਵਿਕਰਮਜੀਤ ਸਿੰਘ ਸਾਹਨੀ ਨੂੰ ‘ਸਨ ਫਾਊਂਡੇਸ਼ਨ ਰਾਹੀਂ ਮਾਨਵਤਾ ਦੀ ਸੇਵਾ ਲਈ ਸਿੱਖ ਆਫ਼ ਦਾ ਯੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਡੋਮੀਨੀਅਸ ਗਰੁੱਪ ਦੇ ਸੁੱਖਪਾਲ ਸਿੰਘ ਆਹਲੂਵਾਲੀਆ ਨੂੰ ਕਾਰੋਬਾਰ ਦੇ ਖੇਤਰ ਵਿੱਚ ਵੱਡੀਆਂ ਮੱਲ੍ਹਾਂ ਮਾਰਨ ਅਤੇ ਲੋਕ ਸੇਵਾ ਵਿੱਚ ਯੋਗਦਾਨ ਬਦਲੇ ‘ਪਰਉਪਕਾਰੀ ਆਫ਼ ਦਾ ਯੀਅਰ’ ਐਵਾਰਡ ਦਿੱਤਾ ਗਿਆ।
ਹਲਿੰਗਡਨ ਦੇ ਕੌਂਸਲਰ ਅਤੇ ਮੈਰਾਥਨ ਦੌੜਾਕ ਜਗਜੀਤ ਸਿੰਘ ਹਰਦੋਫਰੋਲਾ ਨੂੰ 2004 ਤੋਂ 2023 ਅਪ੍ਰੈਲ ਤੱਕ ਵਿਸ਼ਵ ਭਰ ਵਿੱਚ 500 ਮੈਰਾਥਨ ਦੌੜ ਦੇ ਚੈਰਿਟੀਆਂ ਦੀ ਮਦਦ ਕਰਨ ਲਈ ਅਥਲੀਟ ਆਫ਼ ਦਾ ਯੀਅਰ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਜਰਮਨੀ ਦੀਆਂ 1972 ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ 16 ਸਾਲ ਦੀ ਉਮਰ ਵਿੱਚ ਹਿੱਸਾ ਲੈਣ ਅਤੇ ਅੱਜ ਤੱਕ ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਵਾਲੇ ਮਲਕੀਤ ਸਿੰਘ ਸੌਂਧ ਨੂੰ ਸਪੋਰਟਸਮੈਨ ਐਵਾਰਡ ਭੇਟ ਕੀਤਾ ਗਿਆ।
ਗਲਾਸਗੋ ਦੇ ਜੰਮਪਲ ਅਤੇ ਈਸਟ ਲੰਡਨ ਦੇ ਪ੍ਰਸਿੱਧ ਕਾਰੋਬਾਰੀ ਵਲਾਇਤੀ ਸਿੰਘ ਦਿਗਵਾ (ਪੀਟਰ) ਨੂੰ ਵੱਖ-ਵੱਖ ਖੇਤਰਾਂ ਵਿੱਚ ਭਾਈਚਾਰੇ ਦੀ ਮਦਦ ਲਈ ਸਰਵਿਸ ਟੂ ਦਾ ਕਮਿਊਨਿਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਮੌਕੇ ਭਾਰਤ ਵਿਖੇ ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਜਸਜੀਤ ਸਿੰਘ ਆਹਲੂਵਾਲੀਆ ਨੇ ਗਲੋਬਲ ਚੇਅਰਮੈਨ ਰਣਜੀਤ ਸਿੰਘ ਓ.ਬੀ.ਈ ਵਲੋਂ ਚੈਰਿਟੀ ਦੇ ਕਾਰਜਾਂ ਬਾਰੇ ਜਾਣੂੰ ਕਰਵਾਇਆ ਗਿਆ ਜਿਸ ਦੀ ਹਾਜ਼ਰ ਮਹਿਮਾਨਾਂ ਨੇ ਭਰਪੂਰ ਪ੍ਰਸੰਸਾ ਕੀਤੀ।
ਐਵਾਰਡਾਂ ਦੀ ਵੰਡ ਸਾਂਝੇ ਤੌਰ ’ਤੇ ਭਾਰਤੀ ਹਾਈ ਕਮਿਸ਼ਨਰ ਵਿਕਰਮ ਦਰਾਏਸਵਾਮੀ, ਲਾਰਡ ਸਰ ਜੌਹਨ ਸਟੀਵਨ, ਮੈਟਰੋਪੋਲਿਟਨ ਪੁਲਿਸ ਕਮਿਸ਼ਨਰ ਮਾਰਕ ਰਾਓਲੀ ਅਤੇ ਸਿੱਖ ਫੋਰਮ ਦੇ ਪ੍ਰੈਜ਼ੀਡੈਂਟ ਸ. ਰਣਜੀਤ ਸਿੰਘ ਓ.ਬੀ.ਈ ਵਲੋਂ ਕੀਤੀ ਗਈ। ਆਏ ਮਹਿਮਾਨਾਂ ਦੀ ਸਵਾਦਿਸ਼ਟ ਭੋਜਨ ਨਾਲ ਸੇਵਾ ਕੀਤੀ ਗਈ। ਇਹ ਸਮਾਗਮ ਇਕ ਯਾਦਗਾਰੀ ਸਮਾਗਮ ਹੋ ਨਿਬੜਿਆ ਜੋ ਕੋਵਿਡ ਮਹਾਂਮਾਰੀ ਕਾਰਨ 3 ਸਾਲ ਬਾਅਦ ਕਰਵਾਇਆ ਗਿਆ ਸੀ।

LEAVE A REPLY

Please enter your comment!
Please enter your name here