ਲੰਪੀ ਸਕਿੰਨ ਤੋਂ ਪੀੜਤ ਪਸ਼ੂਆਂ ਦੀ ਨਿਰੰਤਰ ਜਾਂਚ ਅਤੇ ਇਲਾਜ਼ ਲਈ ਟੀਮਾਂ ਮੁਸਤੈਦ-ਡਿਪਟੀ ਕਮਿਸ਼ਨਰ

0
292
ਮਾਨਸਾ, 09 ਅਗਸਤ: ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਅਤੇ ਪਿ੍ਰਸੀਪਲ ਸਕੱਤਰ  ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰੀ ਵਿਕਾਸ ਪ੍ਰਤਾਪ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਸ਼ੂ ਪਾਲਣ ਵਿਭਾਗ ਮਾਨਸਾ ਦੀਆਂ 21 ਟੀਮਾਂ 24 ਘੰਟੇ ਪਸ਼ੂਆਂ ਵਿਚ ਫੈਲੀ ਲੰਪੀ ਸਕਿੰਨ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਵਿੱਚ ਜੁਟੀਆਂ ਹੋਈਆਂ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਲੰਪੀ ਸਕਿੰਨ ਬਿਮਾਰੀ ਦੀ ਰੋਕਥਾਮ, ਪਸ਼ੂਆਂ ਦੀ ਜਾਂਚ ਅਤੇ ਇਲਾਜ਼ ਲਈ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਪੂਰੀ ਮੁਸਤੇਦੀ ਨਾਲ ਕੰਮ ਕਰ ਰਹੀਆਂ ਹਨ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਪੀੜਤ ਪਸ਼ੂਆਂ ਦਾ ਇਲਾਜ਼ ਕੀਤਾ ਸਕੇ। ਇਸ ਤੋੰ ਇਲਾਵਾ ਪਸ਼ੂਆਂ ਦੀ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋੰ ਜ਼ਿਲ੍ਹੇ ਲਈ 2.5 (ਢਾਈ ਲੱਖ)ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਦਵਾਈਆਂ ਖਰੀਦ ਕੇ ਪੀੜਤ ਪਸ਼ੂਆਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਹੁਣ ਤੱਕ ਮਾਨਸਾ ਜ਼ਿਲ੍ਹੇ ਵਿਚ 1743 ਪਸ਼ੂ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ ਅਤੇ ਸਾਰੇ ਬਿਮਾਰ ਪਸ਼ੂਆਂ ਦਾ ਇਲਾਜ਼ ਪਸ਼ੂ ਪਾਲਣ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਵਿਚੋਂ ਹੁਣ ਤੱਕ 491 ਪਸ਼ੂ ਬਿਲਕੁਲ ਠੀਕ ਹੋ ਚੁੱਕੇ ਹਨ ਅਤੇ 2199 ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਮੰਡੀਆਂ ’ਤੇ ਮੁਕੰਮਲ ਤੌਰ ’ਤੇ ਰੋਕ ਲਗਾਈ ਗਈ ਹੈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਇਹ ਲਾਗ ਦੀ ਬਿਮਾਰੀ ਗਾਵਾਂ ਵਿੱਚ ਜ਼ਿਆਦਾ ਫੈਲਦੀ ਹੈ ਅਤੇ ਮੱਖੀ, ਮੱਛਰ,ਚਿੱਚੜ ਆਦਿ ਇਸ ਬਿਮਾਰੀ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਚਮੜੀ ਦੀ ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਸਿਹਤਮੰਦ ਪਸ਼ੂਆਂ ਤੋਂ ਅਲੱਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਬਿਮਾਰੀ ਦੀ ਮਨੁੱਖਾਂ ਵਿੱਚ ਲਾਗ ਦੀ ਪੁਸ਼ਟੀ ਨਹੀਂ ਹੋਈ ਹੈ ਫਿਰ ਵੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ, ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜ਼ਰ, ਦਸਤਾਨੇ, ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੰਦਰੁਸਤ ਗਾਵਾਂ ਨੂੰ ਗੋਟ ਪੌਕਸ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਨਾਲ ਸਬੰਧਤ ਲੱਛਣ ਮਿਲਣ ਦੀ ਸੂਰਤ ਵਿੱਚ ਪਸ਼ੂ ਪਾਲਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਰਕਾਰੀ ਪਸ਼ੂ ਹਸਪਤਾਲ ਦੇ ਡਾਕਟਰਾਂ, ਸਟਾਫ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਬਿਮਾਰੀ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਬਿਮਾਰੀ ਨਾਲ ਪਸ਼ੂ ਨੂੰ ਤੇਜ਼ ਬੁਖਾਰ ਤੇ ਚਮੜੀ ਤੇ ਗੰਢਾਂ ਬਣ ਜਾਂਦੀਆਂ ਹਨ, ਜੋ ਕਿ ਸਾਰੇ ਸ਼ਰੀਰ ’ਤੇ ਵੀ ਹੋ ਸਕਦੀਆਂ ਹਨ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਵਿੱਚ ਇਹ ਬਿਮਾਰੀ ਆਉਣ ਦੀ ਸੂਰਤ ਵਿੱਚ ਬਿਲਕੁਲ ਘਬਰਾਉਣ ਨਾ ਬਲਕਿ ਨੇੜੇ ਦੇ  ਸਰਕਾਰੀ ਪਸ਼ੂ ਹਸਪਤਾਲ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਮਾਨਸਾ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਜਿਥੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਉਥੇ ਲੋਕਾਂ ਨੂੰ ਬਿਮਾਰੀ ਦੀ ਰੋਕਥਾਮ ਪ੍ਰਤੀ ਜਾਗਰੂਕ ਵੀ ਕਰ ਰਹੀਆਂ ਹਨ। ਉਨ੍ਹਾਂ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਅਧੀਨ ਆਉਂਦੇ ਇਲਾਕੇ ਦੇ ਪਸ਼ੂਆਂ ਦੀ ਰੋਜਾਨਾ ਪੱਧਰ ’ਤੇ ਨਿਗਰਾਨੀ ਰੱਖਣ ਅਤੇ ਬਿਮਾਰੀ ਦੇ ਲੱਛਣ ਵੇਖਣ ’ਤੇ ਲੋੜੀਂਦਾ ਇਲਾਜ ਤੁਰੰਤ ਸ਼ੁਰੂ ਕਰਨ ਅਤੇ ਰੋਜ਼ਾਨਾ ਰਿਪੋਰਟ ਕਰਨ ਲਈ ਪਾਬੰਦ ਰਹਿਣ। ਬਿਮਾਰੀ ਸਬੰਧੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਟਾਂ ਕਰਵਾਉਣ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਅਡਵਾਇਜ਼ਰੀ ਅਤੇ ਗਾਈਡਲਾਈਨਜ਼ ਬਾਰੇ ਜਾਗਰੂਕਤਾ ਅਮਲ ਵਿੱਚ ਲਿਆਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਨ ਤਾਂ ਜੋ ਇਲਾਜ ਅਤੇ ਰੋਕਥਾਮ ਸਬੰਧੀ ਲੋਕ ਸੁਚੇਤ ਰਹਿਣ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਾ.ਕਮਲ ਗੁਪਤਾ ਜ਼ਿਲ੍ਹਾ ਪੱਧਰ (7837218835), ਡਾ.ਸੰਜੀਵ ਕੁਮਾਰ ਤਹਿਸੀਲ ਮਾਨਸਾ(9564539204), ਡਾ.ਗਣਪਤ ਸਿੰਘ ਤਹਿਸੀਲ ਸਰਦੂਲਗੜ੍ਹ ( 9356783183)ਅਤੇ ਡਾ. ਰਾਜੇਸ਼ ਕੁਮਾਰ ਤਹਿਸੀਲ ਬੁਢਲਾਡਾ(9417227154 ) ਦੇ ਨੋਡਲ ਅਫ਼ਸਰ ਲਗਾਏ ਗਏ ਹਨ।

LEAVE A REPLY

Please enter your comment!
Please enter your name here