ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਵਧੀਕ ਡਿਪਟੀ ਕਮਿਸ਼ਨਰ ਜਨਰਲ ਅਜੈ ਅਰੋੜਾ ਵਲੋਂ ਅੱਜ ਵਿਸ਼ਵ ਸੈਰ ਸਪਾਟੇ ਦਿਵਸ ਮੌਕੇ ਕਪੂਰਥਲਾ ਜਿਲ੍ਹੇ ਵਿਚ ਸੈਰ ਸਪਾਟੇ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨਾਂ ਕਿਹਾ ਕਿ ਜਿਲ੍ਹੇ ਵਿਚ ਧਾਰਮਿਕ ਸੈਰ ਸਪਾਟੇ ਦੇ ਵਾਧੇ ਲਈ ਅਸੀਮ ਸੰਭਾਵਨਾਵਾਂ ਮੌਜੂਦ ਹਨ, ਜਿਨ੍ਹਾਂ ’ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ ਰਿਆਸਤੀ ਸ਼ਹਿਰ ਹੋਣ ਕਰਕੇ ਅਨੇਕਾਂ ਵਿਸ਼ਵ ਪ੍ਰਸਿੱਧ ਇਤਿਹਾਸਕ ਇਮਾਰਤਾਂ ਬਾਰੇ ਵੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਯਾਤਰੀ ਇਨ੍ਹਾਂ ਬਾਰੇ ਜਾਣੂੰ ਹੋ ਸਕਣ। ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕਾਂਜਲੀ ਵੈਟਲੈਂਡ ਜੋ ਕਿ ਰਾਮਸਰ ਕਨਵੈਨਸ਼ਨ ਰਾਹੀਂ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੈ, ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਗੰਭੀਰ ਯਤਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਲਗਭਗ 20 ਸਾਲ ਤੋਂ ਬਾਅਦ ਕਾਂਜਲੀ ਵੈਟਲੈਂਡ ਵਿਖੇ ਵਿਸਾਖੀ ਮੇਲਾ ਕਰਵਾਇਆ ਗਿਆ, ਜੋ ਕਿ ਹੁਣ ਸਾਲਾਨਾ ਹੋਵੇਗਾ। ਉਨ੍ਹਾਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਵਿਸਥਾਰਤ ਯੋਜਨਾਬੰਦੀ ਕਰਨ ਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਦਫਤਰ ਨੂੰ ਰਿਪੋਰਟ ਪੇਸ਼ ਕਰਨ।ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਉਪਿੰਦਰਜੀਤ ਕੌਰ ਬਰਾੜ ਤੇ ਹੋਰਨਾਂ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
Boota Singh Basi
President & Chief Editor