ਪੜ੍ਹਾਈ ਦੇ ਨਾਲ ਵਾਤਾਵਰਣ ਦੇ ਸੁਧਾਰ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਵੀ ਅਧਿਆਪਕਾਂ ਦਾ ਮੁੱਢਲਾ ਫਰਜ਼ -ਕਸ਼ਮੀਰ ਸਿੰਘ ਸੰਧੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,20 ਮਾਰਚ 2024
ਭਾਰਤ ਸਰਕਾਰ ਦੇ ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਦੇ ਅਧੀਨ ਚੱਲ ਰਹੇ ‘ਵਾਤਾਵਰਣ ਸਿੱਖਿਆ ਪ੍ਰੋਗਰਾਮ’ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ,ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ( ਸ ਸ) ਤਰਨ ਤਾਰਨ ਸ਼੍ਰੀ ਸ਼ੁਸ਼ੀਲ ਕੁਮਾਰ ਤੁਲੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਵਾਤਾਵਰਣ ਸਿੱਖਿਆ ਨੂੰ ਡੂੰਘਾਈ ਨਾਲ ਸਮਝਣ ਲਈ ਕਪੈਸਿਟੀ ਬਿਲਡਿੰਗ ਵਰਕਸ਼ਾਪ ਲਗਾਈ ਗਈ।ਇਸ ਪ੍ਰੋਗਰਾਮ ਵਿੱਚ ਬੋਲਦਿਆਂ ਹੋਇਆਂ ਵਾਤਾਵਰਣ ਸਿਖਿਆ ਪ੍ਰੋਗਰਾਮ ਦੇ ਜਿਲ਼੍ਹਾ ਕੋਆਰਡੀਨੇਟਰ ਕਸ਼ਮੀਰ ਸਿੰਘ ਸੰਧੂ ਨੇ ਇਸ ਪ੍ਰੋਗਰਾਮ ਤਹਿਤ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਤੇ ਹਾਜ਼ਰ ਅਧਿਆਪਕਾਂ ਤੇ ਪ੍ਰਿੰਸੀਪਲ ਨੂੰ ਇਹ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਅਸੀ ਵੱਖ-ਵੱਖ ਵਿਸ਼ਿਆਂ ਦੀ ਪੜਾਈ ਕਰਵਾਉਂਦੇ ਹਾਂ ਉੱਥੇ ਵਾਤਾਵਰਣ ਦੇ ਸੁਧਾਰ ਲਈ ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਵੀ ਸਾਡਾ ਮੁਢਲਾ ਫਰਜ ਹੈ।ਜੇ ਭਵਿੱਖ ਦੇ ਵਾਰਸ ਵਾਤਾਵਰਣ ਸੰਭਾਲ ਲਈ ਸਿੱਖਿਅਤ ਹੋ ਜਾਣ ਤਾਂ ਅਸੀਂ ਵਾਤਾਵਰਣ ਵਿੱਚ ਪੈਦਾ ਹੋ ਰਹੇ ਵਿਗਾੜ ਨੂੰ ਰੋਕਣ ਵਿਚ ਕਾਮਯਾਬ ਹੋ ਸਕਦੇ ਹਾਂ।ਇਸੇ ਪ੍ਰੋਗਰਾਮ ਦੀ ਕੜੀ ਤਹਿਤ ਤਰਨ ਤਾਰਨ ਤਹਿਸੀਲ ਨਾਲ ਸੰਬੰਧਤ ਸਕੂਲਾਂ ਦੇ ਵਿਦਿਆਰਥੀਆ ਦੇ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਵਿਦਿਆਰਥਣਾਂ ਵੱਲੋਂ ‘ਵਾਤਾਵਰਣ ਦੀ ਸੰਭਾਲ ਹਿਤ’ਤਿਆਰ ਕੀਤੀਆਂ ਵੱਖ-ਵੱਖ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ,ਜਿਸ ਵਿੱਚ ਲਗਭਗ ਵਿਅਰਥ ਸਮਝ ਕੇ ਸੁੱਟੀਆਂ ਬੇਕਾਰ ਵਸਤਾਂ ਤੇ ਤਿਆਰ ਕੀਤੀਆਂ ਗਈਆਂ 120 ਇਹੋ ਜਿਹੀਆਂ ਸਜਾਵਟ ਵਾਲੀਆਂ ਵਸਤਾਂ ਤਿਆਰ ਕੀਤੀਆਂ ਗਈਆਂ ਜੋ ਸਾਡੇ ਘਰਾਂ ਦਾ ਸ਼ਿੰਗਾਰ ਬਣ ਸਕਦੀਆਂ ਹਨ। ਅਸੀਂ ਅਕਸਰ ਬਹੁਤ ਸਾਰੀਆਂ ਚੀਜ਼ਾਂ ਨੂੰ ਵਿਅਰਥ ਸਮਝ ਕੇ ਸੁੱਟ ਦਿੰਦੇ ਹਾਂ ਪਰ ਜੇ ਥੋੜ੍ਹਾ ਜਿਹਾ ਵੀ ਧਿਆਨ ਦੇਈਏ ਤਾਂ ਇਹਨਾਂ ਵਿਅਰਥ ਚੀਜ਼ਾਂ ਤੋਂ ਅਸੀਂ ਅਨੇਕਾਂ ਸਜਾਵਟ ਵਾਲੀਆਂ ਵਸਤਾਂ ਤਿਆਰ ਕਰ ਸਕਦੇ ਹਾਂ। ਇਸੇ ਦਿਨ ਵਿਦਿਆਰਥਣਾਂ ਦੇ ਪੇਂਟਿੰਗ ਮੁਕਾਬਲੇ ਕਰਵਾ ਕੇ ਵਾਤਾਵਰਣ ਸਿੱਖਿਆ ਦੇ ਪਸਾਰ ਦਾ ਹੋਕਾ ਦਿੱਤਾ ਗਿਆ।ਇਸੇ ਤਰਾਂ ਖਡੂਰ ਸਾਹਿਬ ਤਹਿਸੀਲ ਦੇ ਵਿਦਿਆਰਥੀਆਂ ਵੱਲੋਂ ਪਿੰਡ ਵੇਈਂ ਪੂਈਂ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਇਕ ਵਿਸ਼ੇਸ਼ ਮੁਹਿੰਮ ਸਕੂਲ ਪ੍ਰਿੰਸੀਪਲ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਆਰੰਭੀ ਗਈ ਤਾਂ ਕਿ ਅਸੀ ਵਾਤਾਵਰਣ ਪ੍ਰਤੀ ਸੰਜੀਦਾ ਹੋ ਸਕੀਏ ਤੇ ਲੋਕਾਂ ਨੂੰ ਜਾਗਰੂਕ ਕਰਕੇ ਵਿਗੜਦਾ ਜਾ ਰਿਹਾ ਵਾਤਾਵਰਣ ਬਚਾ ਸਕੀਏ। ਇਸ ਸਕੂਲ ਵਿੱਚ ਹੀ ਵਿਦਿਆਰਥੀਆਂ ਦੇ ਵੱਖ -ਵੱਖ ਤਰਾਂ ਦੇ ਮੁਕਾਬਲੇ ਵੀ ਕਰਵਾਏ ਗਏ ਜਿੰਨਾਂ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।ਇਸ ‘ਕਪੈਸਿਟੀ ਬਿਲਡਿੰਗ ਵਰਕਸ਼ਾਪ‘ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਵਾਤਾਵਰਣ ਪ੍ਰਤੀ ਇਨਸਾਨੀ ਫ਼ਰਜ਼ਾਂ ‘ਤੇ ਜ਼ੋਰ ਦਿੱਤਾ ਗਿਆ ਅਤੇ ਉਦਾਹਰਨਾਂ ਸਹਿਤ ਸਮਝਾਇਆ ਗਿਆ ਕਿ ਅੱਜ ਮਨੁੱਖੀ ਸੋਚ ਨੂੰ ਵਾਤਾਵਰਣ ਪੱਖੀ ਬਣਾਉਣਾ ਹੀ ਕਿਉਂ ਜ਼ਰੂਰੀ ਹੈ।ਇਸ ਸਮੇਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਜਿਲ਼੍ਹਾ ਕੋਆਰਡੀਨੇਟਰ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਵੱਲੋਂ ਬੋਲਦਿਆਂ ਹੋਇਆਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਜਦੋਂ ਕੋਰੋਨਾ ਕਾਰਨ ਮੋਟਰ ਗੱਡੀਆਂ ਤੇ ਫੈਕਟਰੀਆਂ ਦਾ ਪ੍ਰਦੂਸ਼ਣ ਘੱਟ ਹੋਇਆ ਸੀ ਤਾਂ ਵਾਤਾਵਰਣ ਵਿੱਚ ਕਾਫੀ ਸੁਧਾਰ ਵੇਖਣ ਨੂੰ ਮਿਲ ਰਿਹਾ ਸੀ। ਹੁਣ ਚਾਹੀਦਾ ਹੈ ਕਿ ਮਸ਼ੀਨੀ ਗਤੀਵਿਧੀਆਂ ਨੂੰ ਘਟਾਇਆ ਜਾਵੇ ਅਤੇ ਥਾਂ-ਥਾਂ ਤੇ ਬਣਾਏ ਜਾ ਰਹੇ ਕੰਕਰੀਟ ਜੰਗਲਾਂ ਨੂੰ ਘਟਾਇਆ ਜਾਵੇ ਤੇ ਕੁਦਰਤੀ ਜੰਗਲਾਂ ਵੱਲ ਧਿਆਨ ਦਿੱਤਾ ਜਾਵੇ। ਇਸ ਸਮੇਂ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ, ਪ੍ਰਿੰਸੀਪਲ ਸ੍ਰੀ ਸੰਜੀਵ ਅਰੋੜਾ, ਪ੍ਰਿੰਸੀਪਲ ਸ਼੍ਰੀਮਤੀ ਅਨੂ ਮੌਂਗਾ, ਪ੍ਰਿੰਸੀਪਲ ਪਰਵਿੰਦਰ ਕੌਰ,ਪ੍ਰਿੰਸੀਪਲ ਹਰਵਿੰਦਰ ਕੌਰ,ਮਨਜਿੰਦਰ ਸਿੰਘ ਢਿਲੋਂ ਰਸ਼ਪਾਲ ਸਿੰਘ,ਗੁਰਪ੍ਰੀਤ ਸਿੰਘ , ਬਿਕਰਮਜੀਤ ਸਿੰਘ,ਰਾਜਵਿੰਦਰ ਕੌਰ,ਗੁਰਮੀਤ ਕੌਰ,ਗੁਰਪਰਤਾਪ ਸਿੰਘ ਲੈਕਚਰਾਰ,ਜੁਗਰਾਜ ਸਿੰਘ ਹੈਡਮਾਸਟਰ ਅਤੇ ਅਮਰੀਕ ਸਿੰਘ ਅਤੇ ਬਹੁਤ ਸਾਰੇ ਟੀਚਰ ਸਾਹਿਬਾਨ ਹਾਜ਼ਰ ਸਨ। ਇਸ ਸਮੇਂ ਪ੍ਰੋਗਰਾਮ ਵਿੱਚ ਸ਼ਾਮਲ ਅਧਿਆਪਕ ਸਾਹਿਬਾਨ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।