ਕਪੂਰਥਲਾ ( ਸੁਖਪਾਲ ਸਿੰਘ ਹੁੰਦਲ ) -ਤੀਸਰਾ ਅੰਤਰਰਾਸ਼ਟਰੀ ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਨ ਦਿਵਸ “ਹਵਾ ਜੋ ਅਸੀਂ ਸਾਂਝੀ ਕਰਦੇ ਹਾਂ” ਥੀਮ ਹੇਠ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਰਣਧੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਗੁਰਿੰਦਰਬੀਰ ਕੌਰ ਵੱਲੋਂ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਪ੍ਰਦੂਸ਼ਿਤ ਹਵਾ ਨਾਲ ਦਿਲ, ਫੇਫੜਿਆਂ, ਦਿਮਾਗ ਅਤੇ ਅੱਖਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਪ੍ਰਦੂਸ਼ਣ ਨਾਲ ਥੋੜੇ ਸਮੇਂ ਲਈ ਜਿਵੇ ਸਿਰ ਦਰਦ,ਅੱਖਾਂ ਵਿੱਚ ਜਲਣ,ਖੰਘਣਾ,ਸਾਹ ਦਾ ਫੁੱਲਣਾ, ਚਮੜੀ ‘ਤੇ ਜਲਣ ਹੋ ਸਕਦੀ ਹੈ ਅਤੇ ਜਿਆਦਾ ਸਮਾਂ ਪ੍ਰਦੂਸ਼ਿਤ ਵਾਤਾਵਰਨ ਵਿਚ ਬਿਤਾਉਣ ਨਾਲ ਸਟ੍ਰੋਕ,ਦਿਲ ਦੇ ਰੋਗ (ਦਿਲ ਦਾ ਦੌਰਾ), ਸਾਹ ਦੇ ਰੋਗ (ਦਮਾ ਰੋਗ) ਅਤੇ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ। ਸਾਨੂੰ ਸਿਹਤ ਨੂੰ ਪ੍ਰਦੂਸ਼ਿਤ ਹਵਾ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਲਈ ਪਰਾਲੀ,ਸੁੱਕੇ ਪੱਤੇ ਅਤੇ ਕੂੜੇ ਨਾ ਜਲਾਓ,ਖਾਣਾ ਬਨਾਉਣ ਲਈ ਧੂੰਏਦਾਰ ਬਾਲਣ ਦੀ ਵਰਤੋਂ ਨਾ ਕਰੋ।ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁੱਲਰ ਨੇ ਦੱਸਿਆ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਧੂੰਦ ਵਿੱਚ ਸਵੇਰ ਅਤੇ ਸ਼ਾਮ ਦੀ ਸੈਰ ਤੋਂ ਪਰਹੇਜ਼ ਕਰੋ। ਤੰਬਾਕੂਨੋਸ਼ੀ ਤੋਂ ਦੂਰ ਰਹੋ। ਪ੍ਰਦੂਸ਼ਨ ਨੂੰ ਘਟਾਉਣ ਲਈ ਜਿਨਾਂ ਹੋ ਸਕੇ ਪੈਦਲ ਚੱਲੋ,ਸਾਇਕਲ ਜਾ ਜਨਤਕ ਟ੍ਰਾਂਸਪੋਰਟ ਦੇ ਸਾਧਨਾ ਦੀ ਵਰਤੋਂ ਕਰੋ। ਜੇਕਰ ਕਿਸੇ ਨੂੰ ਚਕੱਰ ਆਉਣ, ਸਾਹ ਲੈਣ ਵਿੱਚ ਤਕਲੀਫ ਹੋਵੇ, ਛਾਤੀ ਵਿੱਚ ਦਰਦ, ਖੰਘ ਆਉਣਾ ਅੱਖਾਂ ਵਿੱਚ ਦਰਦ ਜਾ ਜਲਣ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਵੋ। ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪੁਲਿਸ ਪ੍ਰਸ਼ਾਸਨ ਵਲੋਂ ਏਐਸਆਈ ਗੁਰਬਚਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਕੂਲ ਦੇ ਵਿਦਿਆਰਥੀਆਂ ਨੇ ਇਕ ਪੋਸਟ ਬੈਨਰ ਫੜਕੇ ਜਾਗਰੂਕਤਾ ਰੈਲੀ ਵੀ ਕੱਢੀ ਅਤੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਇਕ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸਕੂਲ ਪ੍ਰਿੰਸੀਪਲ ਤੇਜਿੰਦਰ ਪਾਲ ਸਿੰਘ, ਟ੍ਰੈਫਿਕ ਪੁਲਿਸ ਇੰਚਾਰਜ ਐਸ ਆਈ ਦਰਸ਼ਨ ਸਿੰਘ, ਏਐਸਆਈ ਗੁਰਬਚਨ ਸਿੰਘ, ਬੀਈਈ ਰਵਿੰਦਰ ਜੱਸਲ, ਏਐਸਆਈ ਬਲਵਿੰਦਰ ਸਿੰਘ, ਏਐਮੳ ਕਮਲ ਬਲਰਾਜ, ਗੁਰਬੀਰ ਸਿੰਘ ਐਸ ਆਈ, ਸਕੂਲ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਆਦਿ ਹਾਜ਼ਰ ਸਨ।
Boota Singh Basi
President & Chief Editor