ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਸਥਾਨਿਕ ਵਿਰਸਾ ਫਾਊਂਡੇਸ਼ਨ ਵੱਲੋਂ ਵਾਰਸ ਭਰਾਵਾਂ ਦਾ ਸ਼ਾਨਦਾਰ ਸ਼ੋਅ “ਪੰਜਾਬੀ ਵਿਰਸਾ 2025” ਫਰਿਜਨੋ ਦੇ ਵੁਡਵਰਡ ਪਾਰਕ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਦਰਸ਼ਕਾਂ ਨਾਲ ਖਚਾਖਚ ਭਰੇ ਹੋਏ ਓਪਨ ਹਾਲ ਅੰਦਰ ਸਟੇਜ ਦੀ ਸ਼ੁਰੂਆਤ ਸਟੇਜਾ ਦੀ ਮਲਕਾ ਆਸ਼ਾ ਸ਼ਰਮਾ ਨੇ ਸਭਨਾਂ ਨੂੰ ਨਿੱਘੀ ਜੀ ਕਹਿੰਦਿਆ ਸ਼ਾਇਰਾਨਾ ਅੰਦਾਜ਼ ਵਿੱਚ ਕੀਤੀ।
ਸ਼ੋਅ ਦੀ ਸੁਰੂਆਤ ਭੰਗੜੇ ਦੇ ਜੌਹਰ ਵਿਖਾਉਂਦਿਆਂ , ਓਲਡ ਸਕੂਲ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਕੀਤੀ, ਇਹ ਬੱਚੇ ਭੰਗੜਾ ਕੋਚ ਵੀਰਪਾਲ ਸਿੰਘ ਦੇ ਚੰਡੇ ਹੋਏ ਸਨ। ਇਸ ਪਿੱਛੋਂ ਜੀ. ਐਚ. ਜੀ ਦੇ ਗੱਭਰੂਆਂ ਨੇ ਮਲਵਈ ਗਿੱਧੇ ਨਾਲ ਲਾਈਵ ਬੋਲਿਆ ਪਾਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਭਿੰਦੇ ਜੱਟ ਨੇ ਮੋਢੇ ਤੇ ਪੁਰਾਣਾ ਵੀਡੀਓ ਕੈਮਰਾ ਰੱਖਕੇ ਆਪਣਾ ਸਦਾ ਬਹਾਰ ਗੀਤ “ਤੇਰੀ ਨੱਚਦੀ ਦੀ ਵੀਡੀਓ ਬਣਾਉਣੀ” ਨਾਲ ਦਰਸ਼ਕਾਂ ਦੇ ਪੱਬ ਥਿਰਕਣ ਲਾ ਦਿੱਤੇ। ਇਸ ਪਿੱਛੋ ਸ਼ੁਰੂ ਹੋਇਆ ਵਾਰਿਸ ਭਰਵਾਂ ਦਾ ਪੰਜਾਬੀ ਵਿਰਸਾ 2025 ਸ਼ੋਅ। ਇਸ ਮੌਕੇ ਵਾਰਿਸ ਭਰਾਵਾਂ, ਮਨਮੋਹਣ ਵਾਰਸ, ਕਮਲ ਹੀਰ, ਅਤੇ ਸੰਗਤਾਰ ਨੇ ਅਸੀਂ ਜਿੱਤਾਂਗੇ ਜਰੂਰ, ਜਾਰੀ ਜੰਗ ਰੱਖਿਓ ਆਦਿ ਸੱਭਿਅਕ ਗੀਤ ਗਾਕੇ ਕੀਤੀ।
ਇਸ ਪਿੱਛੋਂ ਵਾਰੀ ਆਈ “ਕੁੜੀਏ ਨੀ ਸੱਗੀ ਫੁੱਲ ਵਾਲੀਏ” ਫੇਮ ਕਮਲ ਹੀਰ ਦੀ, ਜਿਸਨੇ ਨੇ ਆਪਣੇ ਨਵੇਂ ਪੁਰਾਣੇਂ ਗੀਤਾ ਦੀ ਐਸੀ ਛਹਿਬਰ ਲਾਈ ਕਿ ਦਰਸ਼ਕ ਮਿਆਰੀ ਗਾਇਕੀ ਦਾ ਅਨੰਦ ਮਾਣਦੇ ਮਦਹੋਸ਼ ਹੋਏ ਕਿਸੇ ਵੱਖਰੀ ਮਸਤੀ ਵਿੱਚ ਨਜ਼ਰੀ ਪੈ ਰਹੇ ਸਨ।
ਉਪਰੰਤ ਸੰਗਤਾਰ, ਨੇ ਆਪਣੇ ਗੀਤ ਗਾਕੇ ਆਪਣੇ ਸੁਰੀਲੇ ਬੋਲਾਂ ਨਾਲ ਸ੍ਰੋਤਿਆਂ ਨੂੰ ਮੰਤਰ ਮੁੱਗਧ ਕੀਤਾ ।
ਅਖੀਰ ਵਿੱਚ ਇੰਤਜ਼ਾਰ ਦੀਆਂ ਘੜੀਆ ਖਤਮ ਹੋਈਆਂ ਤੇ ਸੁਰੀਲੇ ਗਾਇਕ ਮਨਮੋਹਨ ਵਾਰਿਸ ਨੇ ਆਪਣੇ ਦਮਦਾਰ ਅਤੇ ਸਦਾਬਹਾਰ ਗੀਤਾਂ ਨਾਲ ਮੇਲੇ ਨੂੰ ਚਰਮ ਸੀਮਾਂ ਤੱਕ ਪਹੁੰਚਾਇਆਂ ਤੇ ਉਹਨਾਂ ਜੀਅ ਜਾਨ ਨਾਲ ਗਾਇਆ ਤੇ ਆਪਣੇ ਬਹੁ-ਚਰਚਤ ਗੀਤ ਗਾਕੇ ਐਸੀ ਭੰਗੜੇ ਦੀ ਧਮਾਲ ਪਾਈ ਕਿ ਪੰਡਾਲ ਅੰਦਰ ਬੈਠੇ ਹਰ ਪੰਜਾਬੀ ਦੇ ਪੱਬ ਢੋਲ ਦੇ ਡੱਗੇ ਤੇ ਨੱਚਣੋਂ ਰਹਿ ਨਹੀਂ ਸਕੇ, ਅਤੇ ਦਰਸ਼ਕਾਂ ਨੇ ਨੱਚ ਨੱਚਕੇ ਅੰਬਰੀ ਧੂੜ੍ਹ ਚੜਾ ਦਿੱਤੀ।
ਇਸ ਮੌਕੇ ਵਿਰਸਾ ਫਾਊਂਡੇਸ਼ਨ ਟੀਮ ਵੱਲੋਂ ਆਪਣੇ ਸਮੂੰਹ ਸਪਾਂਸਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ,ਅਤੇ ਵਿਰਸਾ ਫਾਊਂਡੇਸ਼ਨ ਮੈਂਬਰ ਜਸਵੀਰ ਸਰਾਏ ਨੇ ਵਿਰਸਾ ਫਾਊਂਡੇਸ਼ਨ ਦੇ ਕੰਮਾਂ ਕਾਰਾਂ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਇਆ, ਉਹਨਾਂ ਵਿਰਸਾ ਫਾਊਂਡੇਸ਼ਨ ਵੱਲੋ ਸਾਰੇ ਹੀ ਸਪਾਂਸਰ ਅਤੇ ਦਰਸ਼ਕ ਵੀਰਾ ਦਾ ਮੇਲੇ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਵੱਖੋ ਵੱਖ ਖਾਣੇ ਦੇ ਸਟਾਲਾਂ ਤੋਂ ਦਰਸ਼ਕਾਂ ਨੇ ਆਪਣਾ ਪਸੰਦੀਦਾ ਖਾਣਾ ਖਾਧਾ ਤੇ ਮੇਲੇ ਦਾ ਅਨੰਦ ਮਾਣਿਆ।
ਇਸ ਤਰਾਂ ਵਿਰਸਾ ਫਾਊਂਡੇਸ਼ਨ ਦੇ ਸਮੂਹ ਪ੍ਰਬੰਧਕ-ਬਿੱਲ ਨਿੱਝਰ, ਬਿੱਟੂ ਕੁੱਸਾ, ਜੱਸੀ ਸਰਾਏ, ਸਨੀ ਮਹੇਟ, ਮਿੱਟੂ ਧਾਲੀਵਾਲ, ਰਾਜ ਧਾਲੀਵਾਲ, ਬੌਬੀ ਸਿੱਧੂ ਆਦਿ ਸਾਰੇ ਸੱਜਣ ਸੋਹਣੇ ਪ੍ਰਬੰਧਾਂ ਲਈ ਵਧਾਈ ਦੇ ਪਾਤਰ ਨੇ, ਇਹਨਾਂ ਦੀ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਗੱਡਦਾ, ਇਹ ਪੰਜਾਬੀ ਵਿਰਸਾ 2025 ਸ਼ੋਅ 4000 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਦੇ ਇਤਿਹਾਸਕ ਇਕੱਠ, ਜਿਸ ਵਿੱਚ ਫੈਮਲੀਆਂ, ਔਰਤਾਂ ਤੇ ਬੱਚੇ ਸ਼ਾਮਲ ਸਨ, ਨਾਲ ਯਾਦਗਾਰੀ ਹੋ ਨਿਬੜੀ।
Boota Singh Basi
President & Chief Editor