ਵਿਕਾਸ ਹੀ ਮੇਰਾ ਮੁੱਖ ਏਜੰਡਾ ਹੈ, ਵਿਕਾਸ ਦੀ ਰਾਜਨੀਤੀ ਕਰਾਂਗਾ – ਤਰਨਜੀਤ ਸਿੰਘ ਸੰਧੂ।
ਰਣਜੀਤ ਐਵਿਨਿਊ ਮੰਡਲ ਦੀ ਮੋਨੂ ਮਹਾਜਨ ਵੱਲੋਂ ਆਯੋਜਿਤ ਚੋਣ ਮੀਟਿੰਗ ਨੂੰ ਕੀਤਾ ਸੰਬੋਧਨ ।
ਅੰਮ੍ਰਿਤਸਰ, 15 ਅਪ੍ਰੈਲ ( ): ’’ਵਿਕਾਸ ਹੀ ਮੇਰਾ ਮੁੱਖ ਏਜੰਡਾ ਹੈ, ਵਿਕਾਸ ਦੀ ਰਾਜਨੀਤੀ ਕਰਾਂਗਾ ਅਤੇ ਅੰਮ੍ਰਿਤਸਰ ਵਿੱਚ ਵਿਕਾਸ ਦੀ ਅਜਿਹੀ ਲਹਿਰ ਆਵੇਗੀ ਕਿ ਇੱਥੋਂ ਪਰਵਾਸ ਕਰ ਰਹੇ ਪੰਜਾਬੀ ਬੱਚੇ ਪ੍ਰਵਾਸ ਛੱਡ ਕੇ ਆਪਣੇ ਹੀ ਇਲਾਕੇ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕਣਗੇ।’’ ਇਹ ਲਫ਼ਜ਼ ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਰਣਜੀਤ ਐਵਿਨਿਊ ਮੰਡਲ ਦੀ ਮੋਨੂ ਮਹਾਜਨ ਵੱਲੋਂ ਆਯੋਜਿਤ ਚੋਣ ਮੀਟਿੰਗ ਨੂੰ ਦੌਰਾਨ ਕਹੇ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਹਲਕਾ ਉੱਤਰੀ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਜਨਰਲ ਸਕੱਤਰ ਸਾਲੀ ਕਪੂਰ, ਰਾਕੇਸ਼ ਗਿੱਲ, ਮੀਨੂ ਸਹਿਗਲ, ਸਲਿਲ ਕਪੂਰ, ਕਬੀਰ ਸ਼ਰਮਾ, ਰਵੀ, ਕਬੀਰ ਸਿੰਘ, ਰਘੂ ਗਿੱਲ, ਪਰਮਜੀਤ ਕੌਰ ਪੰਮੀ, ਵਰੁਨ ਗਿੱਲ, ਰਾਜ ਕੁਮਾਰ, ਨਿਤਿਨ ਚੋਪੜਾ, ਰਿੱਕੀ ਅਰੋੜਾ ਵੀ ਮੌਜੂਦ ਸਨ।
ਤਰਨਜੀਤ ਸਿੰਘ ਸੰਧੂ ਨੇ ਅਮਰੀਕੀ ਕੰਪਨੀਆਂ ਵੱਲੋਂ ਭਾਰਤ ਵਿੱਚ ਆਪਣੇ ਉਦਯੋਗ ਲਗਾਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੀਆਂ ਕੰਪਨੀਆਂ ਇੱਥੇ ਨਿਵੇਸ਼ ਕਰਨ ਜਾ ਰਹੀਆਂ ਹਨ। ਸੈਮੀਕੰਡਕਟਰ, ਸੋਲਰ ਪਾਵਰ ਵਰਗੀਆਂ ਵੱਡੀਆਂ ਕੰਪਨੀਆਂ ਇੱਥੇ ਨਿਵੇਸ਼ ਕਰਨ ਜਾ ਰਹੀਆਂ ਹਨ। ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਜਦਕਿ ਇਸ ਤੋਂ ਪਹਿਲਾਂ ਭਾਰਤ ਦੂਜੇ ਦੇਸ਼ਾਂ ‘ਤੇ ਨਿਰਭਰ ਸੀ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਦੀ ਭਵਿੱਖਬਾਣੀ ਹੈ ਕਿ ਜਿੱਥੇ ਨੌਕਰੀਆਂ ਹਨ, ਉਹ ਭਾਰਤ ਵਿੱਚ ਹਨ। ਇੱਥੋਂ ਦੇ ਸਾਧਨਾਂ ਕਾਰਨ ਵਿਕਾਸ ਦੀ ਦਰ ਹੋਰ ਤੇਜ਼ੀ ਨਾਲ ਵਧੇਗੀ। ਉਨ੍ਹਾਂ ਕਿਹਾ ਕਿ ਬਰੇਨ ਡਰੇਨ ਕਾਰਨ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਇਸ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਅੰਮ੍ਰਿਤਸਰ ਵਿੱਚ ਹੋਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਕਿ ਜਦੋਂ 2027 ਵਿੱਚ ਅੰਮ੍ਰਿਤਸਰ ਦੇ 450 ਸਾਲ ਪੂਰੇ ਹੋਣਗੇ ਤਾਂ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲੈ ਕੇ ਇੰਦੌਰ ਨੂੰ ਮੁਕਾਬਲਾ ਦੇਣਗੇ। 2027 ਵਿੱਚ, ਆਈ ਪੀ ਐੱਲ ਦੇ ਮੈਚ ਗਾਂਧੀ ਮੈਦਾਨ ਵਿੱਚ ਹੋਣਗੇ।
ਉਨ੍ਹਾਂ ਘਰੇਲੂ ਸਨਅਤ ਨੂੰ ਹੁਲਾਰਾ ਦੇਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਘਰੇਲੂ ਉਤਪਾਦ ਜਿਵੇਂ ਸ਼ਾਲ, ਪਾਪੜ ਵੜੀਆਂ, ਪੰਜਾਬੀ ਜੁੱਤੀਆਂ ਆਦਿ ਅਮਰੀਕਾ ਨੂੰ ਨਿਰਯਾਤ ਕੀਤੇ ਜਾਣਗੇ। ਇੱਥੇ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਵੱਸਦੇ ਹਨ ਜੋ ਹਮੇਸ਼ਾ ਪੰਜਾਬ ਖ਼ਾਸ ਕਰਕੇ ਅੰਮ੍ਰਿਤਸਰ ਵਿੱਚ ਬਣੀਆਂ ਇਨ੍ਹਾਂ ਚੀਜ਼ਾਂ ਦੀ ਉਡੀਕ ਕਰਦੇ ਹਨ ਅਤੇ ਅੰਮ੍ਰਿਤਸਰ ਵਾਸੀਆਂ ਨੂੰ ਇਸ ਦਾ ਸਿੱਧਾ ਲਾਭ ਹੋਵੇਗਾ। ਉਨ੍ਹਾਂ ਦੀ ਆਮਦਨ ਵਧੇਗੀ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਭਗਵਾਨ ਸ੍ਰੀ ਵਾਲਮੀਕੀ ਜੀ ਤੀਰਥ ਅਤੇ ਅੰਮ੍ਰਿਤਸਰ ਵਿਖੇ ਹੋਰ ਧਾਰਮਿਕ ਸਥਾਨਾਂ ਨੂੰ ਪ੍ਰਫੁੱਲਿਤ ਕਰਕੇ ਅੰਮ੍ਰਿਤਸਰ ਨੂੰ ਵਿਸ਼ਵ ਦਾ ਨੰਬਰ ਇਕ ਸੈਲਾਨੀ ਹੱਬ ਬਣਾਇਆ ਜਾਵੇਗਾ। ਜੇਕਰ ਸ਼ਹਿਰ ਵਿੱਚ ਸੈਲਾਨੀਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਫ਼ਾਇਦਾ ਸ਼ਹਿਰ ਵਾਸੀਆਂ ਨੂੰ ਹੋਵੇਗਾ ਅਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਾਰੋਬਾਰਾਂ ਵਿੱਚ ਲਗਾ ਕੇ ਉਨ੍ਹਾਂ ਨੂੰ ਬਰਕਰਾਰ ਰੱਖ ਸਕਾਂਗੇ।
ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਨੇ ਅੰਮ੍ਰਿਤਸਰ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਬੋਲਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਕਾਮਯਾਬ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਵਿੱਚ ਨਸ਼ਾ ਆਪਣੇ ਸਿਖਰ ‘ਤੇ ਹੈ। ਇਸ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।