ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਕੀਤੇ ਕਿਸਾਨਾਂ ਨੂੰ ਸ਼ਰਧਾਂਜਲੀ

0
457

* ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਲਈ ਕੀਤੀ ਨਾਅਰੇਬਾਜ਼ੀ
ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ) -ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਦੋ ਵਿਦਿਆਰਥੀ ਜੱਥੇਬੰਦੀਆਂ ਦੀ ਅਗਵਾਈ ਹੇਠ ਇੱਕਠੇ ਹੋ ਕੇ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਆਗੂ ਕੋਮਲ ਖਨੌਰੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂ ਭਿੰਦਰ ਸਿੰਘ ਚੰਗਾਲੀਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਵਹਿਸ਼ੀ ਜਾਬਰ ਕਾਰਵਾਈਆਂ ‘ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਜ਼ੋਰਦਾਰ ਸੰਘਰਸ਼ ਤੋਂ ਭਾਜਪਾ ਬੌਖਲਾਹਟ ਵਿਚ ਹੈ ਅਤੇ ਲਖੀਮਪੁਰ ਦੀ ਘਟਨਾ ਇਸੇ ਬੌਖਲਾਹਟ ਦਾ ਹੀ ਸਿੱਟਾ ਹੈ। ਵਿਦਿਆਰਥੀਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕਾਨੂੰਨਾਂ ਖਿਲਾਫ਼ ਪਹਿਲਾਂ ਵੀ ਲੋਕ ਸੰਘਰਸ਼ਾਂ ਨੂੰ ਇਸੇ ਤਰ੍ਹਾਂ ਭਾਜਪਾ ਨੇ ਪਾਲੇ ਹੋਏ ਗੁੰਡਿਆਂ ਦੁਆਰਾ ਅਸਫਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਦਾ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਜਿਸ ਤਰਾਂ ਲੋਕਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ, ਸਰਕਾਰ ਦਾ ਝੁਕਣਾ ਯਕੀਨੀ ਹੈ ਅਤੇ ਲੋਕ ਸ਼ਹੀਦੀਆਂ ਪਾਕੇ ਵੀ ਪਿੱਛੇ ਹਟਣ ਵਾਲੇ ਨਹੀਂ। ਭਾਜਪਾ ਸਰਕਾਰ ਨੂੰ ਲੋਕ ਵਿਰੋਧੀ ਕਾਨੂੰਨ ਵਾਪਸ ਲੈਣੇ ਪੈਣਗੇ। ਵਿਦਿਆਰਥੀਆਂ ਆਗੂਆਂ ਨੇ ਕਿ ਕਿਹਾ ਕਿ ਲੋਕਾਂ ਦੇ ਦਬਾਅ ਸਦਕਾ ਹੀ ਕਤਲੇਆਮ ਦੇ ਦੋਸ਼ੀ ਬਣਦੇ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨਾ ਪਿਆ ਹੈ। ਵਿਦਿਆਰਥੀਆਂ ਆਗੂਆਂ ਨੇ ਸਰਕਾਰ ਦੀ ਵਿਤਕਰੇਬਾਜ਼ੀ ਨੂੰ ਨੰਗਾ ਕਰਦਿਆਂ ਕਿਹਾ ਕਿ ਜੇਕਰ ਇਹ ਜਾਬਰ ਕਾਰਵਾਈ ਕਿਸੇ ਗਰੀਬ ਨੇ ਕੀਤੀ ਹੁੰਦੀ ਤਾਂ ਉਸਨੂੰ ਪੁਲਿਸ ਵੱਲੋਂ ਕੁੱਟ ਕੁੱਟ ਕੇ ਹੀ ਮਾਰ ਦੇਣਾ ਸੀ ਪਰ ਇਸ ਮਾਮਲੇ ਵਿਚ ਬੀਜੇਪੀ ਦੇ ਗੁੰਡੇ ਅਸ਼ੀਸ਼ ਮਿਸ਼ਰਾ ਨੂੰ ਸਰਕਾਰ ਤੱਤੀ ਵਾਅ ਨੀ ਲੱਗਣ ਦਿੱਤੀ ਜਾ ਰਹੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬੀਜੇਪੀ-ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਰਮਨ ਸਿੰਘ ਕਾਲਾਝਾੜ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸੰਦੀਪ ਕੌਰ ਅਤੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਗੁਰਵਿੰਦਰ ਅਤੇ ਗੁਰਪ੍ਰੀਤ ਜੱਸਲ, ਜਸ਼ਨ ਚੰਗਾਲ, ਸਿਮਰ ਭੈਣੀ, ਹਰਮਨ ਭੈਣੀ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here