ਵਿਦੇਸ਼ੋਂ ਪਰਤੇ ਮਨਮੋਹਨ ਸਿੰਘ ਢਿੱਲੋਂ ਨਾਲ ਰਚਾਈ ਸਾਹਿਤਕ ਗੁਫ਼ਤਗੂ
ਬਾਹਰਲੀਆਂ ਧਰਤੀਆਂ ਦਾ ਕੱਚ-ਸੱਚ ਬਿਆਨਿਆ
ਅਮ੍ਰਿਤਸਰ, 2 ਅਗਸਤ:- ਸਾਹਿਤਕ ਸੰਸਥਾ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਕਿਛ ਸੁਣੀਐ ਕਿਛੁ ਕਹੀਐ” ਸਮਾਗਮਾਂ ਦੇ ਅੰਤਰਗਤ ਪ੍ਰਮੁਖ ਕਾਲਮ ਨਵੀਸ ਅਤੇ ਸਾਹਿਤਕ ਪੱਤਰਕਾਰ ਮਨਮੋਹਨ ਸਿੰਘ ਢਿੱਲੋਂ ਨਾਲ ਉਹਨਾਂ ਦੇ ਗ੍ਰਹਿ ਵਿਖੇ ਸਾਹਿਤਕ ਗੁਫ਼ਤਗੂ ਰਚਾਈ ਗਈ।
ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਇਸ ਅਰਥ ਭਰਪੂਰ ਸਾਹਿਤਕ ਮਹਿਫਲ ਦਾ ਆਗਾਜ਼ ਕਰਦਿਆਂ ਕਿਹਾ ਕਿ ਅਜਿਹੀਆਂ ਮਹਿਫਲਾਂ ਜਿੱਥੇ ਸਹਿਤਕ ਦੋਸਤੀਆਂ ਨੂੰ ਪੀਢੀ ਗੰਢ ਮਾਰ ਕੇ ਰੱਖਦੀਆਂ ਹਨ ਉੱਥੇ ਆਪਸੀ ਸੰਵਾਦ ਦਾ ਸਬੱਬ ਵੀ ਬਣਦੀਆਂ ਹਨ।
ਮਨਮੋਹਨ ਸਿੰਘ ਢਿੱਲੋਂ ਹੁਰਾਂ ਦਸਿਆ ਕਿ ਉਹ ਵਿਦੇਸ਼ ਵਿੱਚ ਰਾਜੀ- ਖੁਸ਼ੀ
ਵਸਦੇ -ਰਸਦੇ ਆਪਣੇ ਬੱਚਿਆਂ ਕੋਲ ਹੱਸ ਖੇਡ ਕੇ ਆਏ ਹਨ ਅਤੇ ਉਹਨਾਂ ਦੇ ਬੱਚਿਆਂ ਵਾਂਗ ਹੀ ਉੱਥੇ ਵੱਸਦਾ ਪੰਜਾਬੀ ਭਾਈਚਾਰਾ ਚੰਗਾ ਖਾ – ਹੰਡਾਅ ਰਿਹਾ ਹੈ ਫਿਰ ਵੀ ਆਪਣੀ ਜ਼ਮੀਨ, ਜ਼ੁਬਾਨ ਅਤੇ ਜੜ੍ਹਾਂ ਨਾਲ ਜੁੜੇ ਰਹਿਣ ਦਾ ਸਕੂਨ ਕਿਸੇ ਵੀ ਧਰਤੀ ‘ਤੇ ਨਹੀਂ ਮਿਲਦਾ।
ਡਾ ਹੀਰਾ ਸਿੰਘ ਨੇ ਢਿੱਲੋਂ ਹੁਰਾਂ ਦੀਆਂ ਪੁਸਤਕਾਂ “ਬੰਦੇ ਦੀ ਵੁਕਤ ਐ ਜਿਥੇ” ਅਤੇ “ਜਿੰਦਗੀ ਦੇ ਆਰ – ਪਾਰ” ਦੇ ਹਵਾਲੇ ਨਾਲ ਕਿਹਾ ਕਿ ਢਿੱਲੋਂ ਹੁਰੀਂ ਸਫ਼ਰ ਦੇ ਸਾਹਿਤ ਸਿਰਜਿਕ ਹਨ।
ਸਿੱਖ ਚਿੰਤਕ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਢਿੱਲੋਂ ਹੁਰਾਂ ਦੇ ਲਿਖਣ ਵਿਚ ਸਹਿਜਤਾ ਅਤੇ ਬੋਲਣ ਵਿਚ ਠਰੰਮਾ ਹੈ । ਇਹੋ ਸਹਿਜਤਾ ਇਹਨਾਂ ਜੀਵਨ ਸ਼ੈਲੀ ਵਿਚ ਵੀ ਬਰਕਰਾਰ ਰੱਖੀ ਹੈ।ਜਨਵਾਦੀ ਲੇਖਕ ਸੰਘ ਦੇ ਸਕੱਤਰ ਹਰਜੀਤ ਸਿੰਘ ਸੰਧੂ ਅਤੇ ਡਾ ਮੋਹਨ ਨੇ ਕਿਹਾ ਕਿ ਅਜਿਹੇ ਸਮਾਗਮ ਲੇਖਕ ਨੂੰ ਮਾਣ ਇੱਜਤ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਬਣਦੇ ਹਨ। ਸਾਹਿਤਕਾਰ ਐਸ ਪਰਸ਼ੋਤਮ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਬਰਕਰਾਰ ਰੱਖਣੀ ਚਾਹੀਦੀ ਹੈ।
ਕੈਪਸ਼ਨ:- ਮਨਮੋਹਨ ਸਿੰਘ ਢਿੱਲੋਂ ਨੂੰ ਸਨਮਾਨਿਤ ਕਰਦੇ ਹੋਏ ਦੀਪ ਦੇਵਿੰਦਰ ਸਿੰਘ , ਦਿਲਜੀਤ ਸਿੰਘ ਬੇਦੀ, ਹਰਜੀਤ ਸੰਧੂ ਅਤੇ ਹੋਰ ਸਾਹਿਤਕਾਰ