ਵਿਧਵਾ ਮਾਂ ਨੇ ਲਗਾਈ ਗੁਹਾਰ,ਪੁੱਤ ਸਾਹਿਲਪ੍ਰੀਤ ਨੂੰ ਕਤਰ ਦੀ ਜੇਲ੍ਹ ਚੋਂ ਛੁਡਾ ਕੇ ਪੰਜਾਬ ਲਿਆਂਦਾ ਜਾਵੇ
ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ‘ਤੇ 2 ਸਾਲ ਦੀ ਕੈਦ ਅਤੇ 55 ਲੱਖ ਰੁਪਏ ਬਲੱਡ ਮਨੀ ਦੀ ਹੋਈ ਹੈ ਸਜ਼ਾ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,9 ਜੂਨ
22 ਸਾਲਾ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤਰ ਸਾਹਿਲਪ੍ਰੀਤ ਸਿੰਘ ਇਸ ਵੇਲੇ ਕਤਰ ਦੀ ਜੇਲ੍ਹ ਵਿੱਚ ਬੰਦ ਸਜ਼ਾ ਕੱਟ ਰਿਹਾ ਹੈ। ਇਸ ਸਬੰਧੀ ਸਾਹਿਲਪ੍ਰੀਤ ਸਿੰਘ ਵਾਸੀ ਪੱਟੀ ਦੀ ਵਿਧਵਾ ਮਾਤਾ ਪਰਮਜੀਤ ਕੌਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁੱਖੀ ਐਸ.ਪੀ ਸਿੰਘ ਓਬਰਾਏ,ਭਾਰਤ ਅਤੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਮੇਰੇ ਪੁੱਤਰ ਨੂੰ ਜੇਲ੍ਹ ‘ਚੋਂ ਬਾਹਰ ਕਢਵਾਉਣ ਲਈ ਮੱਦਦ ਕੀਤੀ। ਮਾਤਾ ਪਰਮਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਵਲੋਂ ਕਰੀਬ 15 ਲੱਖ ਦਾ ਕਰਜ਼ਾ ਚੁੱਕ ਕੇ ਆਪਣੇ ਇਕਲੌਤੇ ਪੁੱਤਰ ਨੂੰ ਘਰ ਦੇ ਹਲਾਤਾਂ ਨੂੰ ਸੁਖਾਲੇ ਬਣਾਉਣ ਲਈ ਕਤਰ ਦੇਸ਼ ਵਿੱਚ ਭੇਜਿਆ ਸੀ ਜੋ ਕਿ ਉਥੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ। 14 ਮਾਰਚ 2024 ਨੂੰ ਟਰਾਲਾ ਚਲਾਉਂਦੇ ਸਮੇਂ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਜਿਸ ‘ਤੇ ਪੁਲਿਸ ਵੱਲੋਂ ਸਾਹਿਲਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਅਤੇ ਅਦਾਲਤ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋਂ ਉਸ ਨੂੰ ਦੋ ਸਾਲ ਦੀ ਕੈਦ ਅਤੇ 55 ਲੱਖ ਰੁਪਏ ਦੀ ਬਲੱਡ ਮਨੀ ਦੀ ਸਜ਼ਾ ਸੁਣਾਈ ਗਈ ਹੈ।ਬੇਹੱਦ ਭਰੇ ਮਨ ਨਾਲ ਪਰਮਜੀਤ ਕੌਰ ਨੇ ਦੱਸਿਆ ਕਿ ਮੈਂ ਪਹਿਲਾਂ ਹੀ ਕਰਜ਼ੇ ਦੇ ਹੇਠ ਹਾਂ,ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ।ਮੇਰੀ ਇੱਕ ਲੜਕੀ ਤੇ ਇੱਕ ਲੜਕਾ ਸਾਹਿਲਪ੍ਰੀਤ ਸਿੰਘ ਹੈ। ਜਿਸ ਨੂੰ ਵਿਦੇਸ਼ ਵਿੱਚ ਸੜਕੀ ਹਾਦਸੇ ਕਾਰਨ ਸਜ਼ਾ ਸੁਣਾਈ ਗਈ ਜੋ ਕਿ 55 ਲੱਖ ਰੁਪਏ ਦੀ ਬਲੱਡ ਮਨੀ ਹੈ। ਉਸਨੇ ਦੱਸਿਆ ਕਿ ਮੇਰੇ ਕੋਲ ਵਾਹੀਯੋਗ ਕੋਈ ਜ਼ਮੀਨ ਨਹੀਂ ਹੈ।ਮੈਂ ਇਹ ਰਕਮ ਭਰਨ ਤੋਂ ਅਸਮਰਥ ਹਾਂ। ਦੁਖਿਆਰੀ ਮਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਬਾਨੀ ਡਾਕਟਰ ਐਸ.ਪੀ.ਸਿੰਘ ਓਬਰਾਏ ਅਤੇ ਭਾਰਤ,ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮੇਰੀ ਅਰਜ਼ ਸੁਣੀ ਜਾਵੇ ਅਤੇ ਮੇਰੇ ਪੁੱਤਰ ਨੂੰ ਕਤਰ ਦੀ ਜੇਲ੍ਹ ‘ਚੋਂ ਛੁਡਵਾ ਕੇ ਪੰਜਾਬ ਲਿਆਂਦਾ ਜਾਵੇ।