ਸਰਹਿੰਦ ਚੋਅ ਨਾਲ ਲਗਦੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਲਿਆ ਜਾਇਜ਼ਾ
ਭਵਾਨੀਗੜ੍ਹ, 14 ਜੁਲਾਈ, 2023: ਪਿਛਲੇ ਕਈ ਦਿਨਾਂ ਤੋਂ ਪਹਾੜੀ ਖਿੱਤਿਆਂ ਅਤੇ ਸੂਬੇ ਦੇ ਕਈ ਜ਼ਿਲਿ੍ਹਆਂ ਵਿੱਚ ਪੈ ਰਹੀ ਭਾਰੀ ਬਰਸਾਤ ਤੋਂ ਬਾਅਦ ਵਿਧਾਨ ਸਭਾ ਹਲਕਾ ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਵਿੱਚੋਂ ਲੰਘਦੇ ਸਰਹਿੰਦ ਚੋਅ ਵਿਖੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪੈਦਾ ਹੋਈਆਂ ਸਥਿਤੀਆਂ ਦੇ ਸਨਮੁੱਖ ਅੱਜ ਵਿਧਾਇਕ ਨਰਿੰਦਰ ਕੌਰ ਭਰਾਜ ਦੀਆਂ ਹਦਾਇਤਾਂ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਖ-ਵੱਖ ਪਿੰਡਾਂ ਦੇ ਲੋਕਾਂ ਤੱਕ ਰਾਬਤਾ ਕੀਤਾ ਅਤੇ ਪੰਜਾਬ ਸਰਕਾਰ ਦੀ ਤਰਫੋਂ ਹਰੇਕ ਤਰ੍ਹਾਂ ਦੀ ਮਦਦ ਦਾ ਵਿਸ਼ਵਾਸ਼ ਦਿਵਾਇਆ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਉਹ ਮੁੱਢ ਤੋਂ ਹੀ ਲੋਕਾਂ ਨੂੰ ਦਰਪੇਸ਼ ਵੱਖ ਵੱਖ ਤਰ੍ਹਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਹਨ ਅਤੇ ਇਨ੍ਹੀਂ ਦਿਨੀਂ ਹੜ੍ਹਾਂ ਕਾਰਨ ਰਾਜ ਦੇ ਕੁਝ ਜ਼ਿਲਿ੍ਹਆਂ ਵਿੱਚ ਪੈਦਾ ਹੋਈ ਗੰਭੀਰ ਸਥਿਤੀ ਦੇ ਮੱਦੇਨਜ਼ਰ ਉਹ ਆਪਣੇ ਹਲਕੇ ਵਿੱਚ ਵੀ ਸਰਹਿੰਦ ਚੋਅ ਨਾਲ ਲਗਦੇ ਪਿੰਡਾਂ ਦੇ ਲੋਕਾਂ ਨਾਲ ਨਿਰੰਤਰ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਅੱਜ ਗਹਿਲਾਂ, ਖੇੜੀ ਚੰਦਵਾਂ, ਸੰਤੋਖਪੁਰਾ, ਜਲਾਣ, ਨੰਦਗੜ੍ਹ ਤੇ ਮਹਿਸਮਪੁਰ ਵਿਖੇ ਪ੍ਰਸ਼ਾਸਨਿਕ ਟੀਮ ਤੇ ਆਗੂਆਂ ਵੱਲੋਂ ਦੌਰਾ ਕਰਕੇ ਪਾਣੀ ਕਾਰਨ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਬਾਰੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਗਾਤਾਰ ਪਿੰਡਾਂ ਵਿੱਚ ਲੋਕਾਂ ਦੇ ਸੰਪਰਕ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਲੋੜ ਪੈਣ ’ਤੇ ਹਰੇਕ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਗਿਆ ਹੈ।