ਭਵਾਨੀਗੜ੍ਹ, 5 ਜੂਨ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਆਰੰਭੀ ਮੁਹਿੰਮ ਨੂੰ ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡਾਂ ਵਿੱਚ ਸਫਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਹਲਕੇ ਵਿੱਚ ਲਗਾਏ ਜਾ ਚੁੱਕੇ ਕਲੱਸਟਰ ਪੱਧਰੀ ਜਾਗਰੂਕਤਾ ਕੈਂਪਾਂ ਤੋਂ ਬਾਅਦ ਅੱਜ ਪਿੰਡ ਬਟਰਿਆਣਾ ਵਿਖੇ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸਾਂਝੇ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਵਿਧਾਇਕ ਨੇ ਕਿਹਾ ਕਿ 9.26 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਕਰੀਬ 40 ਹੈਕਟੇਅਰ ਰਕਬੇ ਵਿੱਚ ਨਹਿਰੀ ਪਾਣੀ ਨਾਲ ਖੇਤਾਂ ਦੀ ਸਿੰਚਾਈ ਹੋ ਸਕੇਗੀ। ਉਨ੍ਹਾਂ ਕਿਹਾ ਕਿ ਕਲੱਸਟਰ ਪੱਧਰੀ ਜਾਗਰੂਕਤਾ ਕੈਂਪਾਂ ਵਿੱਚ ਵਿਸ਼ਾ ਮਾਹਿਰਾਂ ਵੱਲੋਂ ਜਾਗਰੂਕਤਾ ਪੈਦਾ ਕਰਨ ਤੋਂ ਬਾਅਦ ਅਸੀਂ ਹੁਣ ਖੁਦ ਪਿੰਡ ਪੱਧਰ ਉੱਤੇ ਜਾ ਕੇ ਨਾਗਰਿਕਾਂ ਨੂੰ ਇਸ ਦੇ ਫਾਇਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਤਾਂ ਜੋ ਨਹਿਰੀ ਪਾਣੀ ਨਾਲ ਭਰਪੂਰ ਫ਼ਸਲ ਦੀ ਪੈਦਾਵਾਰ ਹੋ ਸਕੇ ਅਤੇ ਸਭ ਤੋਂ ਕੀਮਤੀ ਸਰਮਾਇਆ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ ਅਤੇ ਇਸ ਨਾਲ ਯਕੀਨੀ ਤੌਰ ‘ਤੇ ਧਰਤੀ ਹੇਠਲੇ 20 ਤੋਂ 30% ਪਾਣੀ ਦੀ ਬੱਚਤ ਹੋਵੇਗੀ। ਇਸ ਮੌਕੇ ਐਸਡੀਐਮ, ਬੀਡੀਪੀਓ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।