2.20 ਕਰੋੜ ਦੀ ਲਾਗਤ ਨਾਲ 10 ਤੋਂ ਵਧ ਕੇ 18 ਫੁੱਟ ਚੌੜੀ ਹੋਵੇਗੀ ਸੜਕ
ਵਿਧਾਇਕ ਬਰਿੰਦਰ ਗੋਇਲ ਨੇ ਪਿੰਡ ਵਾਸੀਆਂ ਦੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਟਕਦੀ ਮੰਗ ਨੂੰ ਕੀਤਾ ਪੂਰਾ, ਲੋਕਾਂ ਨੇ ਕੀਤਾ ਸੰਤੁਸ਼ਟੀ ਦਾ ਪ੍ਰਗਟਾਵਾ
ਲਹਿਰਾ/ਸੰਗਰੂਰ, 20 ਅਗਸਤ, 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਲਹਿਰਾ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਵਿਧਾਇਕ ਬਰਿੰਦਰ ਗੋਇਲ ਵੱਲੋਂ ਜਾਖਲ ਬਰੇਟਾ ਰੋਡ ‘ਤੇ ਪਿੰਡ ਕਾਲੀਆ ਦੀ ਸੜਕ ਨੂੰ ਚੌੜਾ ਕਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ। ਖੁਸ਼ਗਵਾਰ ਮਾਹੌਲ ਵਿੱਚ ਪਿੰਡਾਂ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਭੇਟ ਕਰਦਿਆਂ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਟਕਦੀ ਆ ਰਹੀ ਇਸ ਜਾਇਜ਼ ਮੰਗ ਨੂੰ ਤਰਜੀਹੀ ਆਧਾਰ ਉੱਤੇ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਕਰੀਬ 3.63 ਕਿਲੋਮੀਟਰ ਲੰਬੀ ਇਸ ਸੜਕ ਨੂੰ ਨਿਰਧਾਰਿਤ 9 ਮਹੀਨਿਆਂ ਤੋਂ ਘੱਟ ਸਮੇਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਕੀਤੀ ਗਈ ਹੈ।
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਹਲਕਾ ਨਿਵਾਸੀਆਂ ਦੀਆਂ ਲੋੜਾਂ ਨੂੰ ਪ੍ਰਮੁੱਖਤਾ ਦੇ ਅਧਾਰ ਤੇ ਪੂਰਾ ਕਰਨ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਜਾਖਲ ਬਰੇਟਾ ਮੁੱਖ ਮਾਰਗ ਤੋਂ ਪਿੰਡ ਨੂੰ ਜਾਂਦੀ ਇਸ ਸੜਕ ਨੂੰ ਚੌੜਾ ਕਰਨ ਤੇ ਕਰੀਬ 2.20 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਮੌਜੂਦਾ ਸਮੇਂ ਵਿੱਚ ਇਸ ਸੜਕ ਦੀ ਚੌੜਾਈ ਮਹਿਜ਼ 10 ਫੁੱਟ ਹੋਣ ਕਾਰਨ ਇੱਕੋ ਸਮੇਂ ਤੇ ਦੋ ਵੱਡੇ ਵਾਹਨਾਂ ਦਾ ਆਹਮੋ ਸਾਹਮਣੇ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਹਾਦਸੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਦੀਪਕ ਜੈਨ, ਰਾਕੇਸ਼ ਗੁਪਤਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।