*ਸ਼ਿਕਾਇਤਾਂ ’ਚ ਕਿਹਾ ਗਿਆ ਕਿ ਕੰਗਨਾ ਰਾਣੌਤ ਨੇ ਆਪਣੀ ਸਟੋਰੀ ’ਚ ਸਿੱਖ ਕੌਮ ਨੂੰ ਖਾਲਿਸਤਾਨੀ ਅੱਤਵਾਦੀ ਕਰਾਰ ਦਿੱਤਾ ਹੈ
ਚੰਡੀਗੜ੍ਹ/ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) -ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ ਫਿਰਕੂ, ਬੇਅਦਬੀ ਅਤੇ ਨਫਰਤ ਵਿਰੁੱਧ ਸਖਤ ਨੋਟਿਸ ਲਿਆ ਹੈ। ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਕਮੇਟੀ ਸਾਂਤੀ ਭੰਗ ਕਰਨ ਵਾਲੀ ਕਿਸੇ ਵੀ ਘਟਨਾ ਨੂੰ ਰੋਕਣ ਲਈ ਕੰਮ ਕਰ ਰਹੀ ਹੈ। ਕਮੇਟੀ ਨੂੰ ਅਦਾਕਾਰਾ ਕੰਗਨਾ ਰਣੌਤ ਦੁਆਰਾ ਉਸਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ’ਤੇ ਕਥਿਤ ਤੌਰ ’ਤੇ ਅਪਮਾਨਜਨਕ ਪੋਸਟ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ। ਸ਼ਿਕਾਇਤਕਰਤਾਵਾਂ ਮੁਤਾਬਕ ਕੰਗਨਾ ਰਣੌਤ ਦੇ ਇੰਸਟਾਗ੍ਰਾਮ ਅਕਾਊਂਟ ਦੇ ਫਾਲੋਅਰਸ ਬਹੁਤ ਜਿਆਦਾ ਹਨ। ਦੁਨੀਆ ਭਰ ਵਿੱਚ ਲਗਭਗ 80 ਲੱਖਾਂ ਲੋਕਾਂ ਵੱਲੋਂ ਕੰਗਨਾ ਦੇ ਅਕਾਉਂਟ ਨੂੰ ਫਾਲੋ ਕੀਤਾ ਜਾ ਰਿਹਾ ਹੈ। ਕੰਗਨਾ ਨੇ ਆਪਣੀ ਪੋਸਟ ਨਾਲ ਕਥਿਤ ਤੌਰ ’ਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਨਾਲ ਸਮਾਜ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸ਼ਿਕਾਇਤਾਂ ਵਿਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਕਥਿਤ ਤੌਰ ’ਤੇ ਸਿੱਖ ਭਾਈਚਾਰੇ ਨੂੰ ‘ਖਾਲਿਸਤਾਨੀ ਅੱਤਵਾਦੀ’ ਕਿਹਾ ਹੈ ਜਿਸ ਕਾਰਨ ਸਿੱਖ ਕੌਮ ਦੇ ਲੋਕਾਂ ਦਾ ਅਪਮਾਨ ਹੋਇਆ ਹੈ। ਉਹਨਾਂ ਦੇ ਮਨ ਅੰਦਰ ਸੁਰੱਖਿਆ, ਜੀਵਨ ਅਤੇ ਆਜਾਦੀ ਬਾਰੇ ਵੀ ਖਦਸ਼ੇ ਪੈਦਾ ਹੋਏ ਹਨ। ਕੰਗਨਾ ਰਣੌਤ ਨੇ 20 ਨਵੰਬਰ 2021 ਨੂੰ ਸਟੋਰੀ ਪੋਸਟ ਕੀਤੀ ਸੀ। ਜਿਸ ਵਿੱਚ ਲਿਖਿਆ ਸੀ ਕਿ ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ ਦਾ ਹੱਥ ਮਰੋੜ ਸਕਦੇ ਹਨ। ਪਰ ਉਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਕ ਔਰਤ ਨੇ ਉਨਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਇਸ ਨਾਲ ਭਾਵੇਂ ਕਿੰਨੀਆਂ ਵੀ ਮੁਸੀਬਤਾਂ ਕਿਉਂ ਨਾ ਆਈਆਂ ਹੋਣ ਪਰ ਉਸ ਨੇ ਆਪਣੀ ਜਾਨ ਦੀ ਕੀਮਤ ’ਤੇ ਉਨਾਂ ਨੂੰ ਮੱਛਰਾਂ ਵਾਂਗ ਕੁਚਲ ਦਿੱਤਾ ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਉਸ ਦੀ ਮੌਤ ਦੇ ਦਹਾਕਿਆਂ ਮਗਰੋਂ ਵੀ ਇਹ ਅੱਜ ਉਸ ਦੇ ਨਾਮ ’ਤੇ ਕੰਬਦੇ ਹਨ। ਇਹਨਾਂ ਨੂੰ ਇਹੋ ਜਿਹਾ ਹੀ ਗੁਰੂ ਚਾਹੀਦਾ। ਸ਼ਿਕਾਇਤਕਰਤਾਵਾਂ ਅਨੁਸਾਰ ਕੰਗਨਾ ਰਣੌਤ ਨੇ ਕਥਿਤ ਤੌਰ ’ਤੇ ਇਸ ਪੋਸਟ ਨਾਲ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਮੁੱਚੇ ਭਾਈਚਾਰੇ ਦਾ ਨਿਰਾਦਰ ਕਰਨ ਨਾਲ ਦਿੱਲੀ ਦੀ ਸ਼ਾਂਤੀ ਅਤੇ ਸਦਭਾਵਨਾ ਭੰਗ ਹੋ ਸਕਦੀ ਹੈ। ਅਦਾਕਾਰਾ ਨੂੰ 6 ਦਸੰਬਰ 2021 ਨੂੰ ਦੁਪਹਿਰ 12 ਵਜੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ।