ਬੀਤੇ ਦਿਨੀਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੇ ਪਿਤਾ ਦੀਦਾਰ ਸਿੰਘ ਦਾ ਹੋਇਆ ਸੀ ਦੇਹਾਂਤ
ਬਿਆਸ : ਬਲਰਾਜ ਸਿੰਘ ਰਾਜਾ
ਪੰਜਾਬੀ ਪੱਤਰਕਾਰੀ ਦੇ ਸੀਨੀਅਰ ਪੱਤਰਕਾਰ ਤੇ ਉੱਘੇ ਲੇਖਕ ਜਗਤਾਰ ਸਿੰਘ ਭੁੱਲਰ ਦੇ ਸਤਿਕਾਰਯੋਗ ਪਿਤਾ ਸੇਵਾ ਮੁਕਤ ਇੰਸਪੈਕਟਰ ਦੀਦਾਰ ਸਿੰਘ ਜੋ ਕਿ ਬੀਤੀ ਚਾਰ ਅਕਤੂਬਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕਰਨ ਲਈ ਅੱਜ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਰੋਪੜ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਪੁੱਜੇ।
ਉਕਤ ਰਾਜਨੀਤਿਕ ਆਗੂਆਂ ਨੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਧਵਾ ਗੁਰਮੀਤ ਕੌਰ ਨਾਲ ਦੁੱਖ ਸਾਂਝਾ ਕਰਦੇ ਹੋਏ, ਸਾਰੇ ਪਰਿਵਾਰ ਨੂੰ ਹੌਂਸਲਾ ਦਿੱਤਾ।
ਇਸ ਮੌਕੇ ਐਸਡੀਐਮ ਬਾਬਾ ਬਕਾਲਾ ਅਲਕਾ ਕਾਲੀਆ, ਤਹਿਸੀਲਦਾਰ ਬਾਬਾ ਬਕਾਲਾ ਸੁਖਦੇਵ ਕੁਮਾਰ ਬੰਗੜ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਹਾਜ਼ਿਰ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਮੋਹਤਵਾਰ ਤੇ ਹੋਰ ਇਲਾਕਾ ਨਿਵਾਸੀ ਹਾਜ਼ਿਰ ਸਨ।
ਯਾਦ ਰਹੇ ਕਿ ਬੀਐਸਐਫ ਚੋਂ ਇੰਸਪੈਕਟਰ ਅਹੁਦੇ ਤੋਂ ਸੇਵਾਮੁਕਤ ਹੋਏ ਦੀਦਾਰ ਸਿੰਘ ਬੀਐਸਐਫ ‘ਚ ਸਾਲ 1969 ‘ਚ ਭਰਤੀ ਹੋਏ ਸਨ।
ਇਸ ਦੌਰਾਨ ਉਨ੍ਹਾਂ ਸਾਲ 1971 ਦੀ ਭਾਰਤ ਪਾਕਿਸਤਾਨ ਲੜਾਈ, ਕਾਰਗਿਲ ਯੁੱਧ ਅਤੇ ਦੇਸ਼ ਦੇ ਕਈ ਪ੍ਰਭਾਵਿਤ ਖਿੱਤਿਆਂ ‘ਚ ਸੇਵਾ ਕੀਤੀ।ਦੇਸ਼ ਦੀ ਆਨ ਸ਼ਾਨ ਬਾਣ ਲਈ ਦੇਸ਼ ਦੇ ਵੱਖ ਵੱਖ ਸਰਹੱਦੀ ਸੂਬਿਆਂ ਕਸ਼ਮੀਰ, ਰਾਜਸਥਾਨ, ਅਰੁਣਾਚਲ ਪ੍ਰਦੇਸ਼ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਦੇਸ਼ ਨੂੰ ਮਿਲੀਆਂ ਅੰਦਰੂਨੀ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਦਿਆਂ ਬਾਖ਼ੂਬੀ ਆਪਣੀ ਡਿਊਟੀ ਕੀਤੀ ਅਤੇ ਕਰੀਬ 38 ਸਾਲ ਦੇਸ਼ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਸਾਲ 2007 ‘ਚ ਇੰਸਪੈਕਟਰ ਰੈਂਕ ਤੋਂ ਸੇਵਾ ਮੁਕਤ ਹੋਏ ਅਤੇ ਫਿਰ ਪਿੰਡ ਵਜ਼ੀਰ ਭੁੱਲਰ ਦੇ ਪੰਚ ਬਣਨ ਦਾ ਮੌਕਾ ਮਿਲਿਆ।ਇਸ ਤੋਂ ਇਲਾਵਾ ਇਲਾਕੇ ਦੇ ਸਮਾਜ ਸੇਵਾ ਕਾਰਜ਼ਾਂ ‘ਚ ਵੱਧ ਚੜਕੇ ਹਿੱਸਾ ਲੈਂਦੇ ਰਹੇ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 13 ਅਕਤੂਬਰ ਨੂੰ ਗ੍ਰਹਿ ਵਿਖੇ ਭੋਗ ਉਪਰੰਤ ਸ੍ਰੀ ਗੁਰੂਦੁਆਰਾ ਚਰਨ ਕਮਲ ਵਿਖੇ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ।।