ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ)
ਫਰਿਜਨੋ ਸ਼ਹਿਰ ਜਿਸਨੂੰ ਪੰਜਾਬੀਆ ਦੀ ਰਾਜਧਾਨੀ ਦੇ ਤੌਰ ਤੇ ਜਾਣਿਆ ਜਾਂਦਾ ਹੈ।ਇੱਥੇ ਹਰ ਸ਼ੋਅ, ਹਰ ਮੇਲਾ ਪੰਜਾਬੀਆ ਦੀ ਭਾਰੀ ਸ਼ਮੂਲੀਅਤ ਮਾਣਦਾ ਨੱਕੋਂ ਨੱਕ ਭਰ ਜਾਂਦਾ ਹੈ। ਇਸੇ ਕਰਕੇ ਹਰ ਪ੍ਰਮੋਟਰ ਅਤੇ ਹਰੇਕ ਕਲਾਕਾਰ ਦੀ ਦਿਲੀ ਚਾਹਤ ਹੁੰਦੀ ਹੈ ਕਿ ਮੇਰਾ ਪ੍ਰੋਗਰਾਮ ਫਰਿਜਨੋ ਜ਼ਰੂਰ ਹੋਵੇ। ਸ਼ੋਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ, ਇਸੇ ਕੜੀ ਤਹਿਤ ਵਿਰਸਾ ਫਾਊਡੇਸ਼ਨ ਨੇ ਫੋਕ ਲੋਰ ਦੇ ਸਹਿਯੋਗ ਨਾਲ ਸਕਿੱਚ ਆਰਟਿਸਟ ਰਾਜੀ ਮੁਸੱਵਰ ਦੀ ਸਕਿੱਚ ਪ੍ਰਦ੍ਰਸ਼ਨੀ ਲਗਾਈ, ਅਤੇ ਗਾਇਕ ਜਾਸਰ ਹੁਸੈਨ ਦਾ ਸ਼ੋਅ ਸਥਾਨਿਕ ਰੀਜੈਂਸੀ ਹਾਲ ਵਿੱਚ ਕਰਵਾਇਆ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ। ਇਸ ਮੌਕੇ ਸਟੇਜ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸ਼ਾਇਰਾਨਾ ਅੰਦਾਜ ਵਿੱਚ ਸਭਨਾ ਨੂੰ ਨਿੱਘੀ ਜੀ ਆਇਆਂ ਆਖਕੇ ਕੀਤੀ। ਉਪਰੰਤ ਆਸਟ੍ਰੇਲੀਆ ਤੋਂ ਪਹੁੰਚੇ ਸਕਿੱਚ ਆਰਟਿਸਟ ਰਾਜੀ ਮੁਸੱਵਰ ਦੀ ਸਕਿੱਚ ਪ੍ਰਦ੍ਰਸ਼ਨੀ ਦਾ ਲੋਕਾਂ ਨੇ ਭਰਪੂਰ ਅਨੰਦ ਲਿਆ , ਅਤੇ ਰਾਜੀ ਨੇ ਸਟੇਜ ਤੋਂ ਆਪਣੇ ਆਰਟ ਸਬੰਧੀ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਮੈਂ ਸਕਿੱਚ ਨਹੀਂ ਵਹੁੰਦਾ, ਬਲਕਿ ਜਿਹੜੇ ਲੋਕਾਂ ਦੇ ਦਾਦੇ, ਨਾਨੇ ਜਾਂ ਮਾਪੇ ਇਸ ਜਹਾਨ ਤੋਂ ਕੂਚ ਕਰ ਗਏ ਨੇ ਉਹਨਾਂ ਦੀਆਂ ਰੂਹਾਂ ਨੂੰ ਤਸਵੀਰਾਂ ਰਾਹੀਂ ਤਰਾਸ਼ਕੇ ਰਿਸ਼ਤੇ ਨਾਤੇ ਬਣਾਉਣਾ ਹਾਂ। ਉਹਨਾਂ ਕਿਹਾ ਕਿ ਮੇਰੀਆਂ ਤਸਵੀਰਾਂ ਕਵਿੱਤਾ ਕਹਿੰਦੀਆਂ ਨੇ, ਗ਼ਜ਼ਲਾਂ ਗਾਉਂਦੀਆਂ ਨੇ। ਉਹਨਾਂ ਨੇ ਦੱਸਿਆ ਕਿ ਕਿਵੇਂ ਗੁਰਦਾਸ ਮਾਨ ਸਾਬ੍ਹ ਨੇ ਮੇਰਾ ਤਖ਼ੱਲਸ ਮੁਸੱਵਰ ਚੁਣਿਆ। ਅਤੇ ਕਮੇਡੀ ਕਲਾਕਾਰ ਕਪਿਲ ਸ਼ਰਮਾ ਦਾ ਉਹਨਾਂ ਦੀ ਇਸ ਕਲਾ ਨੂੰ ਚਮਕਾਉਣ ਵਾਸਤੇ ਕੀ ਯੋਗਦਾਨ ਰਿਹਾ। ਉਹ ਕਵਿੱਤਾ ਵੀ ਬਾ-ਕਮਾਲ ਲਿੱਖਦੇ ਨੇ, ਅਤੇ ਗਜ਼ਲ ਵੀ ਖੂਬਸੂਰਤ ਗਾਉਂਦੇ ਨੇ, ਸਟੇਜ ਤੋਂ ਉਹਨਾਂ ਆਪਣੀ ਸ਼ਾਇਰੀ ਗਾਕੇ ਵੀ ਹਾਜ਼ਰੀ ਲਵਾਈ। ਉਪਰੰਤ ਗਾਇਕ ਜਾਸਰ ਹੂਸੈਨ ਨੇ ਲੋਕ ਗਾਇਕੀ ਦਾ ਐਸਾ ਖੂਹ ਗੇੜਿਆ ਕਿ ਹਰਕੋਈ ਨੱਕੋਂ ਨੱਕ ਭਰ ਗਿਆ। ਉਹਨਾਂ ਲਗਤਾਰ ਚਾਰ ਘੰਟੇ ਲੋਕ ਗੀਤ ਗਾਕੇ, ਅਤੇ ਟੱਪੇ ਸੁਣਾਂਗੇ ਹਰ ਕਿਸੇ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ। ਉਹਨਾਂ ਨੇ ਐਸੀ ਢੋਲ ਦੇ ਡੱਗੇ ਤੇ ਧਮਾਲ ਪਾਈ ਕਿ ਦਰਸ਼ਕ ਨੱਚ ਨੱਚਕੇ ਦੂਹਰੇ ਹੋ ਗਏ। ਅਖੀਰ ਵਿੱਚ ਵਿਰਸਾ ਫਾਊਡੇਸ਼ਨ ਦੇ ਮੈਂਬਰ ਬਿੱਟੂ ਕੁਸਾ ਨੇ ਸਭਨਾ ਦਾ ਧੰਨਵਾਦ ਕੀਤਾ ਅਤੇ ਫੋਕ ਲੋਰ ਦੇ ਮਨਰੀਤ ਲੱਧੜ ਨੇ ਸ਼ੋਅ ਦੀ ਰੱਜਕੇ ਤਰੀਫ਼ ਕੀਤੀ। ਰੀਜੈਂਸੀ ਹਾਲ ਦੇ ਸੁਆਦਿਸਟ ਫੂਡ ਦਾ ਲੋਕਾਂ ਨੇ ਡਾਢਾ ਲੁੱਤਫ ਲਿਆ, ਅਤੇ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗ੍ਰਾਮ ਯਾਦਗਾਰੀ ਹੋ ਨਿਬੜਿਆ।
Boota Singh Basi
President & Chief Editor