*ਵਿਸਵ ਹਾਈਪਰਟੈਨਸ਼ਨ ਮਹੀਨੇ ਮੌਕੇ ਸਾਈਕਲ ਰੈਲੀ ਦਾ ਆਯੋਜਨ*
*ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਜਾਗਰੂਕ*
ਮਾਨਸਾ, 28 ਮਈ 2025:
ਵਿਸਵ ਹਾਈਪਰਟੈਨਸ਼ਨ ਮਹੀਨੇ ਮੌਕੇ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ, ਇਹ ਰੈਲੀ ਖਾਲਸਾ ਹਾਈ ਸਕੂਲ ਮਾਨਸਾ ਤੋਂ ਚੱਲ ਕੇ ਰੇਲਵੇ ਫਾਟਕ, ਮੇਨ ਬਾਜ਼ਾਰ, ਬਸ ਸਟੈਂਡ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੋਂ ਹੁੰਦੀ ਹੋਈ ਵਾਪਸ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਸਮਾਪਤ ਹੋਈ। ਇਸ ਉਪਰੰਤ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ।
ਸਿਵਲ ਸਰਜਨ ਡਾ. ਅਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਬੀ.ਪੀ.ਸੂਗਰ,ਕੈ਼ਂਸਰ ਅਤੇ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਤਣਾਅ, ਖਾਣ ਪੀਣ ਦੇ ਬਦਲਾਅ ਅਤੇ ਜੰਕ ਫੂਡ ਦੀ ਜਿਆਦਾ ਵਰਤੋਂ ਕਰਨ ਕਾਰਨ ਇੰਨ੍ਹਾਂ ਬਿਮਾਰੀਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ, ਜਿਸ ਤੋਂ ਬਚਣ ਲਈ ਸਾਨੂੰ ਰੋਜ਼ਾਨਾ ਇਕ ਘੰਟਾ ਸਾਈਕਲ ਦੀ ਵਰਤੋਂ, ਕਸਰਤ, ਸੈਰ ਅਤੇ ਯੋਗਾ ਕਰਨ ਦੀ ਜ਼ਰੂਰਤ ਹੈ ।
ਉਨ੍ਹਾਂ ਕਿਹਾ ਕਿ ਜੰਕ ਫੂਡ ਤੋਂ ਪ੍ਰਹੇਜ਼ ਕਰਨ ਦੀ ਲੋੜ ਹੈ, ਘਰ ਦਾ ਬਣਿਆ ਤਾਜ਼ਾ ਖਾਣਾ ਹੀ ਸਮੇਂ ਸਿਰ ਖਾਣਾ ਚਾਹੀਦਾ ਹੈ । ਤੀਹ ਸਾਲ ਦੀ ਉਮਰ ਤੋਂ ਬਾਅਦ ਹਰ ਵਿਆਕਤੀ ਨੂੰ ਬੀ.ਪੀ.,ਸ਼ੂਗਰ ਅਤੇ ਹੋਰ ਬਿਮਾਰੀਆਂ ਸਬੰਧੀ ਸਮੇਂ ਸਿਰ ਚੈੱਕ ਕਰਵਾ ਕੇ ਲੋੜ ਅਨੁਸਾਰ ਅਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਖਾਣੀ ਚਾਹੀਦੀ ਹੈ ਤਾਂ ਜੋ ਕਿਸੇ ਸਿਹਤ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸਾਨੂੰ ਬੀ.ਪੀ.ਅਤੇ ਸ਼ੂਗਰ ਦੀ ਬਿਮਾਰੀ ਦਾ ਨਿਰੰਤਰ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ, ਲੋੜ ਪੈਣ ‘ਤੇ ਦਵਾਈ ਖਾਣੀ ਚਾਹੀਦੀ ਹੈ। ਬੀ.ਪੀ. ਅਤੇ ਸ਼ੂਗਰ ਦੀ ਦਵਾਈ ਸਰਕਾਰੀ ਹਸਪਤਾਲ ਅਤੇ ਉਪ ਸਿਹਤ ਕੇਂਦਰਾਂ ਵਿਚੋਂ ਬਿਲਕੁਲ ਮੁਫ਼ਤ ਮਿਲਦੀ ਹੈ।
ਇਸ ਮੌਕੇ ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਤਣਾਅ ਮੁਕਤ ਜ਼ਿੰਦਗੀ ਜਿਊਣ ਲਈ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ,ਸੰਤੁਲਿਤ ਖ਼ੁਰਾਕ ਖਾਣੀ ਚਾਹੀਦੀ ਹੈ,ਜ਼ਿਆਦਾ ਮਠਿਆਈ,ਚਿਕਨਾਈ ਅਤੇ ਨਮਕ ਵਾਲੇ ਪਦਾਰਥਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ,ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਦਰਸ਼ਨ ਸਿੰਘ, ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਕਰਮਜੀਤ ਸਿੰਘ ਅਧਿਆਪਕ ਤੋਂ ਇਲਾਵਾ ਸਕੂਲ ਸਟਾਫ ਵੀ ਹਾਜ਼ਰ ਰਿਹਾ।