ਵਿਸ਼ਵ ਮਲੇਰੀਆ ਦਿਵਸ: ਸਿਹਤ ਵਿਭਾਗ ਨੇ ਮਲੇਰੀਆ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਪੁਖਤਾ ਪ੍ਰਬੰਧ

0
115

– ਪੰਜਾਬ 2030 ਤੱਕ ਮਲੇਰੀਆ ਮੁਕਤ ਹੋਵੇਗਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ
– ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ
– ਪੰਜਾਬ ਸਿਹਤ ਵਿਭਾਗ ਨੇ ਮਲੇਰੀਆ ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਕੀਤਾ ਜਾਰੀ

ਚੰਡੀਗੜ੍ਹ, 25 ਅਪ੍ਰੈਲ:
ਵਿਸ਼ਵ ਮਲੇਰੀਆ ਦਿਵਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਮਲੇਰੀਆ ਸਮੇਤ ਵੈਕਟਰ ਬੋਰਨ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ, ਮੱਛਰਾਂ ਦਾ ਪ੍ਰਜਨਨ ਵਧ ਜਾਂਦਾ ਹੈ ਕਿਉਂਕਿ ਵਾਤਾਵਰਣ ਮੱਛਰ ਪੈਦਾ ਕਰਨ ਲਈ ਅਨੁਕੂਲ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੱਛਰਾਂ ਨੂੰ ਵੈਕਟਰ ਕਿਹਾ ਜਾਂਦਾ ਹੈ ਕਿਉਂਕਿ ਇਹ ਮਨੁੱਖਾਂ ਵਿੱਚ ਫੈਲਣ ਵਾਲੀਆਂ ਵੱਖ-ਵੱਖ ਬਿਮਾਰੀਆਂ ਦੇ ਵਾਹਕ ਹੁੰਦੇ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਲ 2030 ਤੱਕ ਦੇਸ਼ ਵਿੱਚੋਂ ਮਲੇਰੀਆ ਨੂੰ ਖ਼ਤਮ ਕਰਨ ਦੇ ਟੀਚੇ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਮਲੇਰੀਆ ਰੋਕੂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੇ ਨਾਲ-ਨਾਲ ਇਸ ਬਿਮਾਰੀ ਦੇ ਫੈਲਣ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਹਨਾਂ ਕਿਹਾ ਕਿ ਮਲੇਰੀਆ ਦੀ ਬਿਮਾਰੀ ਦੀ ਰੋਕਥਾਮ ਲਈ ਵਿਭਾਗ ਵੱਲੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਲੋਕਾਂ ਨੂੰ ਇਸ ਜਾਨਲੇਵਾ ਬਿਮਾਰੀ ਤੋਂ ਬਚਾਅ ਲਈ ਲਗਾਤਾਰ ਜਾਗਰੂਕ ਕਰ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੈ।
ਇਹ ਦੱਸਦਿਆਂ ਕਿ ਮਲੇਰੀਆ ਵਿਰੁੱਧ ਲੜਾਈ ਵਿੱਚ ਉਦਯੋਗ, ਸਥਾਨਕ ਸਰਕਾਰਾਂ, ਸਕੂਲ ਅਤੇ ਕਾਲਜ, ਆਂਗਣਵਾੜੀ ਆਦਿ ਅਹਿਮ ਭੂਮਿਕਾ ਨਿਭਾ ਸਕਦੇ ਹਨ, ਸਿਹਤ ਮੰਤਰੀ ਨੇ ਮਲੇਰੀਆ ਵਿਰੁੱਧ ਜੰਗ ਅਤੇ ਸੂਬੇ ਵਿੱਚੋਂ ਇਸ ਬਿਮਾਰੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਮੂਹ ਸਿਵਲ ਸਰਜਨਾਂ ਨੂੰ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਇਨ੍ਹਾਂ ਸੰਸਥਾਵਾਂ ਨਾਲ ਸਾਂਝੇ ਤੌਰ ‘ਤੇ ਅੰਤਰ-ਵਿਭਾਗੀ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ।
ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਕਿ ਸੰਕਰਮਿਤ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦੀ ਹੈ। ਉਹਨਾਂ ਅੱਗੇ ਕਿਹਾ ਕਿ ਇਹ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦੇਰ ਸ਼ਾਮ ਜਾਂ ਸਵੇਰੇ ਤੜਕੇ ਮਨੁੱਖਾਂ ਨੂੰ ਕੱਟਦਾ ਹੈ।
ਉਹਨਾਂ ਦੱਸਿਆ ਕਿ ਸ਼ੁਰੂਆਤੀ ਲੱਛਣ ਹਲਕੇ, ਬੁਖ਼ਾਰ ਦੇ ਸਮਾਨ ਹੁੰਦੇ ਹਨ ਜਿਸ ਨੂੰ ਮਲੇਰੀਆ ਵਜੋਂ ਪਛਾਣਨਾ ਮੁਸ਼ਕਲ ਹੋ ਸਕਦਾ ਹੈ। ਮਲੇਰੀਆ ਦੇ ਹਲਕੇ ਲੱਛਣਾਂ ਵਿੱਚ ਬੁਖਾਰ, ਠੰਢ ਅਤੇ ਸਿਰ ਦਰਦ ਸ਼ਾਮਲ ਹਨ, ਜਦੋਂ ਕਿ ਗੰਭੀਰ ਲੱਛਣਾਂ ਵਿੱਚ ਥਕਾਵਟ, ਮਤਲੀ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ।
ਉਹਨਾਂ ਲੋਕਾਂ ਨੂੰ ਮਲੇਰੀਆ ਤੋਂ ਬਚਣ ਲਈ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਹੋਰ ਸਾਧਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਹਨਾਂ ਅੱਗੇ ਕਿਹਾ ਕਿ ਛੱਪੜਾਂ ਵਿੱਚ ਕਾਲੇ ਤੇਲ ਦਾ ਛਿੜਕਾਅ ਕਰਕੇ ਵੀ ਮੱਛਰ ਦੇ ਪ੍ਰਜਨਣ ਨੂੰ ਰੋਕਿਆ ਜਾ ਸਕਦਾ ਹੈ।
ਇਸ ਦੌਰਾਨ ਡਾਇਰੈਕਟਰ ਸਿਹਤ ਸੇਵਾਵਾਂ (ਐਫ.ਡਬਲਿਊ.) ਡਾ. ਰਵਿੰਦਰਪਾਲ ਕੌਰ ਦੇ ਨਾਲ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਨੇ ਲੋਕਾਂ ਨੂੰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਲਈ ਲੱਛਣਾਂ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਲਈ ਇੱਕ ਪੋਸਟਰ ਵੀ ਜਾਰੀ ਕੀਤਾ।

ਡੱਬੀ: ਮਲੇਰੀਆ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ?
– ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰੋ ਅਤੇ ਉਹਨਾਂ ਨੂੰ ਘੱਟੋ-ਘੱਟ ਇੱਕ ਦਿਨ ਲਈ ਸੁੱਕਾ ਰੱਖੋ
– ਪਾਣੀ ਇਕੱਠਾ ਹੋਣ ਤੋਂ ਬਚਣ ਲਈ ਛੱਤਾਂ ‘ਤੇ ਫੁੱਲਾਂ ਦੇ ਗਮਲੇ, ਟੁੱਟੀਆਂ ਚੀਜ਼ਾਂ, ਟਾਇਰ ਆਦਿ ਨਾ ਰੱਖੋ।
– ਮੱਛਰ ਦੇ ਪ੍ਰਜਨਨ ਦੇ ਸਾਰੇ ਸੰਭਾਵਿਤ ਸਰੋਤਾਂ ਅਤੇ ਥਾਵਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਖਤਮ ਕਰਨਾ ਚਾਹੀਦਾ ਹੈ
– ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ ਅਤੇ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ
– ਘਰ ਅੰਦਰ ਅਤੇ ਆਲੇ ਦੁਆਲੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ
– ਮੱਛਰਾਂ ਨੂੰ ਦੂਰ ਰੱਖਣ ਲਈ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਹੋਰ ਸਾਧਨਾਂ ਦੀ ਵਰਤੋਂ ਕਰੋ
– ਜਦੋਂ ਬਾਹਰ ਫੋਗਿੰਗ ਕਰਨ ਵਾਲੀਆਂ ਟੀਮਾਂ ਆਉਂਦੀਆਂ ਹਨ ਤਾਂ ਦਰਵਾਜ਼ੇ ਅਤੇ ਖਿੜਕੀਆਂ ਬੰਦ ਨਾ ਕਰੋ
– ਬੁਖਾਰ ਹੋਣ ਦੀ ਸਥਿਤੀ ਵਿੱਚ ਹਮੇਸ਼ਾ ਸਿਹਤ ਡਿਸਪੈਂਸਰੀ ਨੂੰ ਜਲਦ ਤੋਂ ਜਲਦ ਰਿਪੋਰਟ ਕਰੋ ਅਤੇ ਡਾਕਟਰੀ ਸਲਾਹ ਲਓ
– ਬੁਖਾਰ ਹੋਣ ਦੀ ਸਥਿਤੀ ਵਿੱਚ ਇਬਰੂਫੇਨ/ਐਸਪ੍ਰੀਨ ਦੀ ਵਰਤੋਂ ਨਾ ਕਰੋ, ਪੈਰਾਸੀਟਾਮੋਲ ਦੀ ਵਰਤੋਂ ਕਰੋ

LEAVE A REPLY

Please enter your comment!
Please enter your name here