ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਡਿਪਟੀ ਕਮਿਸ਼ਨਰ ਨੇ ਮਨਾਇਆ ਵਿਸ਼ਵ ਵਿਕਲਾਂਗਤਾ ਦਿਵਸ
ਅੰਮ੍ਰਿਤਸਰ 3 ਦਸੰਬਰ 2024–
ਅੱਜ 3 ਦਸੰਬਰ ਵਿਸ਼ਵ ਵਿਕਲਾਂਗਤਾ ਦਿਵਸ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਪਹਿਲ ਸਰਕਾਰੀ ਰਿਸੋਰਸ ਸੈਂਟਰ, ਕਰਮਪੁਰਾ ਵਿਖੇ ਪਹੁੰਚ ਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਇਹ ਅੰਤਰਰਾਸ਼ਟਰੀ ਦਿਵਸ ਮਨਾਇਆ। ਇਸ ਮੌਕੇ ਉਨ੍ਹਾਂ ਪਹਿਲ ਸੈਂਟਰ ਵਿੱਚ ਆ ਰਹੇ 138 ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਨਾਲ ਮੁਲਕਾਤ ਕੀਤੀ ਅਤੇ ਬੱਚਿਆਂ ਪ੍ਰਤੀ ਪਹਿਲ ਸੈਂਟਰ ਦੇ ਕਰਮਚਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਨਾਲ ਬੈਠ ਕੇ ਦੁਪਹਿਰ ਦਾ ਖਾਣਾ ਖਾਧਾ। ਉਹਨਾਂ ਬੱਚਿਆਂ ਵੱਲੋਂ ਕੀਤੀ ਜਾ ਰਹੀ ਪੜ੍ਹਾਈ ਅਤੇ ਸਹਾਇਕ ਗਤੀਵਿਧੀਆਂ ਦੀ ਰੂਪ ਰੇਖਾ ਵੀ ਵੇਖੀ। ਉਨਾਂ ਪਹਿਲ ਸੈਂਟਰ ਵਿੱਚ ਸਟਾਫ ਅਤੇ ਸਫਾਈ ਕਰਮਚਾਰੀ ਦੀ ਘਾਟ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਮੌਕੇ ਉੱਤੇ ਤੇ ਹੀ ਹੱਲ ਕਰਦੇ ਹੋਏ ਸੈਕਟਰੀ ਰੈੱਡ ਕਰਾਸ ਅੰਮ੍ਰਿਤਸਰ ਨੂੰ ਸਫ਼ਾਈ ਕਰਮਚਾਰੀ ਮੁੱਹਈਆ ਕਰਵਾਉਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.), ਅੰਮ੍ਰਿਤਸਰ ਸ. ਕਵਲਜੀਤ ਸਿੰਘ, ਜ਼ਿਲ੍ਹਾ ਸੋਸ਼ਲ ਵੈਲਫੇਅਰ ਅਧਿਕਾਰੀ ਸ੍ਰੀ ਪਲਵ ਸ਼੍ਰੇਸ਼ਟਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅੰਮ੍ਰਿਤਸਰ-2 ਸ. ਗੁਰਦੇਵ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ। ਧਰਮਿੰਦਰ ਸਿੰਘ ਗਿੱਲ ਨੇ ਪਹਿਲ ਸੈਂਟਰ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਦੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਅਤੇ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸਮਾਜ ਸੇਵਕ ਪ੍ਰਸ਼ਾਂਤ ਚੌਹਾਨ, ਸੈਕਟਰੀ ਰੈੱਡ ਕਰਾਸ ਅੰਮ੍ਰਿਤਸਰ ਸੈਮਸਨ ਮਸੀਹ, ਸਕੂਲ ਆਫ ਐਮਿਨੇਸ ਕਰਮਪੁਰਾ ਦੇ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਰੰਧਾਵਾ ਅਤੇ ਪਹਿਲ ਸਰਕਾਰੀ ਰਿਸੋਰਸ ਸੈਂਟਰ ਕਰਮਪੁਰਾ ਦਾ ਸਮੂਹ ਸਟਾਫ਼ ਹਾਜ਼ਰ ਸੀ।