ਵਿਸਾਖੀ ਨੂੰ ਮੁੱਖ ਰੱਖਕੇ ਪੀਸੀਏ ਵੱਲੋਂ ਗੁਰਦਵਾਰਾ ਸਿੰਘ ਸਭਾ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ

0
210

(ਭਾਈ ਸਰਬਜੀਤ ਸਿੰਘ ਧੂੰਦਾ ਨੇ ਉਚੇਚੀ ਹਾਜ਼ਰੀ ਭਰੀ)
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋਂ (ਕੈਲੇਫੋਰਨੀਆਂ)
ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਦੇ ਸਮੂਹ ਮੈਂਬਰ ਜਿਹੜੇ ਕਿ ਸਮੇ ਸਮੇ ਸਿਰ ਉਸਾਰੂ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪ੍ਰੋਗਰਾਮ ਕਰਵਾਉਣ ਕਰਕੇ ਸਦਾ ਚਰਚਾ ਵਿੱਚ ਰਹਿੰਦੇ ਹਨ, ਵੱਲੋਂ ਵਿਸਾਖੀ ਦੇ ਮੌਕੇ ਨੂੰ ਮੁਖ ਰੱਖਕੇ ਖ਼ਾਲਸੇ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਦੀਵਾਨ ਸਥਾਨਿਕ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਸਜਾਏ ਗਏ। ਇਹਨਾਂ ਚਾਰ ਰੋਜ਼ਾ ਦੀਵਾਨਾ ਵਿੱਚ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਉਚੇਚੇ ਤੌਰ ਤੇ ਹਾਜ਼ਰੀ ਭਰਨ ਲਈ ਪਹੁੰਚੇ ਹੋਏ ਸਨ ਅਤੇ ਇਹਨਾਂ ਦੀਵਾਨਾ ਦਾ ਮੁੱਖ ਉਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਗੁਰੂ ਸਿਧਾਂਤ ਤੋਂ ਜਾਣੂ ਕਰਵਾਉਣਾ ਅਤੇ ਸੰਗਤਾ ਨੂੰ ਸਿੱਖੀ ਨਾਲ ਜੋੜਨਾ ਹੈ। ਇਹਨਾਂ ਦੀਵਾਨਾਂ ਵਿੱਚ ਸੰਗਤਾ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਕੇ ਸ਼ਬਦ ਗੁਰੂ ਦੀ ਵਿਚਾਰ ਭਾਈ ਸਰਬਜੀਤ ਸਿੰਘ ਧੂੰਦਾ ਕੋਲੋ ਸਰਵਣ ਕੀਤੀ। ਇਸ ਮੌਕੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਦੀਵਾਨਾ ਵਿੱਚ ਹਾਜ਼ਰੀ ਭਰਕੇ ਸੰਗਤ ਨੂੰ ਵਹਿਮਾਂ ਭਰਮਾ ਦਾ ਪੱਲ੍ਹਾ ਛੱਡਕੇ ਗੁਰੂ ਗ੍ਰੰਥ ਸਹਿਬ ਦੇ ਲੜ ਲੱਗਣ ਦੀ ਬੇਨਤੀ ਕੀਤੀ। ਉਹਨਾਂ ਕਿਹਾ ਸਿੱਖ ਦਾ ਮਤਬਲ ਹੈ ਸਾਰਾ ਜੀਵਨ ਸਿੱਖਿਆ ਲੈਣੀ, ਪਰ ਅੱਜ ਅਸੀਂ ਸਿੱਖਣ ਦੀ ਬਜਾਏ ਆਪਣੇ ਵਿਚਾਰ ਦੂਸਰਿਆਂ ਉੱਪਰ ਥੋਪਣ ਨੂੰ ਸਿੱਖੀ ਸਮਝੀ ਬੈਠੇ ਹਾਂ। ਉਹਨਾਂ ਕਿਹਾ ਕਿ ਜੋ ਸ੍ਰੀ ਅਕਾਲ ਤਹਿਤ ਸਹਿਬ ਦੀ ਮਰਿਆਦਾ, ਉਸਨੂੰ ਮੰਨਦਾ ਕੌਣ ਹੈ..? ਉਹਨਾਂ ਨੇ ਕਿਹਾ ਕਿ ਜਦੋਂ ਸਿੱਖ ਬੱਚੇ ਬੱਚੀਆਂ ਗੁਰੂ ਗ੍ਰੰਥ ਸਹਿਬ ਦਾ ਸਹਿਜ ਪਾਠ ਆਪ ਕਰਨ ਲੱਗ ਪੈਣਗੇ ‘ਤਾਂ ਵਹਿਮਾਂ ਭਰਮਾਂ ਦਾ ਆਪਣੇ ਆਪ ਨਾਸ ਹੋ ਜਾਵੇਗਾ। ਉਹਨਾਂ ਰਾਂਚੀ ਵਿੱਚ ਸਿੰਧੀ ਪਰਿਵਾਰਾਂ ਕੋਲੋ ਗੁਰੂ ਗ੍ਰੰਥ ਸਹਿਬ ਖੋਹਣ ਵਾਲ਼ਿਆ ਨੂੰ ਬੇਨਤੀ ਕੀਤੀ ਕਿ ਇਹ ਸਭ ਕੁਝ ਕਰਕੇ ਤੁਸੀਂ ਸੰਗਤ ਨੂੰ ਸਿੱਖੀ ਤੋ ਦੂਰ ਕਰ ਰਹੇ ਹੋ। ਉਹਨਾਂ ਕਿਹਾ ਕਿ ਸਾਨੂੰ ਦੇਹਧਾਰੀ ਪਾਖੰਡੀਆਂ ਦੇ ਪੈਰੀਂ ਡਿੱਗਣ ਦੀ ਜ਼ਰੂਰਤ ਨਹੀਂ, ਆਓ ਗੁਰੂ ਗ੍ਰੰਥ ਦੇ ਲੜ ਲੱਗਕੇ ਆਪਣੇ ਘਰਾਂ ਵਿੱਚ ਗੁਰੂ ਵਿਚਾਰ ਨੂੰ ਲੈਕੇ ਆਈਏ। ਉਹਨਾਂ ਬੀਬੀਆਂ ਨੂੰ ਬੋਲਦਿਆਂ ਕਿਹਾ ਕਿ ਬੀਬੀਆਂ ਨੂੰ ਆਪਣੇ ਹੱਕ ਆਪ ਲੈਣੇ ਪੈਣੇ ਨੇ, ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਅਖੌਤੀ ਲੀਡਰ ਤੇ ਕੱਚ ਘਰੜ ਵਿਦਵਾਨ ਬਹੁਤ ਭੰਬਲ ਭੂਸਾ ਫਿਲਾ ਰਹੇ ਹਨ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਵੈਸਾਖ ਮਹੀਨਾ, ਭਾਵ ਕਿ ਅਪ੍ਰੈਲ ਮਹੀਨੇ ਦਾ ਹੈ, ਜਦੋਂਕਿ ਇਹ ਨਵੰਬਰ ਵਿੱਚ ਮਨਾਇਆ ਜਾਂਦਾ ਹੈ, ਜਿਹੜਾ ਕਿ ਗਲਤ ਹੈ। ਉਹਨਾਂ ਕਿਹਾ ਕਿ ਕੌਮ ਨੂੰ ਕੁਰਾਹੇ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਪੀਸੀਏ ਮੈਂਬਰਾਂ ਨੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਉਹਨਾਂ ਦੀਆ ਸੇਵਾਵਾਂ ਬਦਲੇ ਸਿਰੋਪਾਓ ਦੇਕੇ ਨਿਵਾਜਿਆ। ਇਸ ਮੌਕੇ ਗੁਰੂ-ਘਰ ਦੇ ਹਜ਼ੂਰੀ ਰਾਗੀ ਡਾਕਟਰ ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ-ਘਰ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਸ. ਸੁਖਬੀਰ ਸਿੰਘ ਭੰਡਾਲ ਨੇ ਪੀਸੀਏ ਸੰਸਥਾ ਸਬੰਧੀ ਜਾਣਕਾਰੀ ਸੰਗਤ ਨਾਲ ਸਾਝੀ ਕੀਤੀ। ਪੂਰੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਅਤੇ ਸਾਰੇ ਦੀਵਾਨਾ ਦੀ ਵੀਡੀਓ ਰਿਕਾਰਡਿੰਗ ਅਤੇ ਫੋਟੋਗ੍ਰਾਫੀ ਓਮਨੀ ਵੀਡੀਓ ਵਾਲੇ ਸਿਆਰਾ ਸਿੰਘ ਢੀਡਸਾ ਬੇਕਰਸਫੀਲਡ ਵਾਲਿਆ ਨੇ ਕੀਤੀ। ਪੀਸੀਏ ਵੱਲੋ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਲੰਗਰ ਦੀ ਸੇਵਾ ਭਾਈ ਅਮਨਦੀਪ ਸਿੰਘ ਅਤੇ ਸਾਥੀਆਂ ਨੇ ਤਨਦੇਹੀ ਨਾਲ ਕੀਤੀ।

LEAVE A REPLY

Please enter your comment!
Please enter your name here