ਜੀ.ਐਸ.ਟੀ ਵਿੱਚ 15.67 ਫੀਸਦੀ ਅਤੇ ਆਬਕਾਰੀ ਵਿੱਚ 10 ਫੀਸਦੀ ਦਾ ਵਾਧਾ ਦਰਜ
ਚੰਡੀਗੜ੍ਹ, 6 ਫਰਵਰੀ
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਦੀ ਆਰਥਿਕਤਾ ਸਹੀ ਦਿਸ਼ਾ ਵੱਲ ਵਧ ਰਹੀ ਹੈ ਅਤੇ ਵਿੱਤੀ ਸਾਲ 2023-24 ਦੇ 10 ਮਹੀਨਿਆਂ ਦੌਰਾਨ ਸੂਬੇ ਦਾ ਵਸਤੂਆਂ ਤੇ ਸੇਵਾਵਾਂ ਕਰ (ਜੀ.ਐਸ.ਟੀ), ਆਬਕਾਰੀ ਅਤੇ ਵੈਟ ਤੋਂ ਪ੍ਰਾਪਤ ਮਾਲੀਆ 30 ਹਜ਼ਾਰ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੀ.ਐਸ.ਟੀ ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ ਵਿੱਤੀ ਸਾਲ 2022-23 ਦੇ ਮੁਕਾਬਲੇ ਕ੍ਰਮਵਾਰ 15.67 ਫੀਸਦੀ ਅਤੇ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਾਲ ਜਨਵਰੀ ਦੇ ਅੰਤ ਤੱਕ ਵੈਟ, ਸੀ.ਐਸ.ਟੀ, ਜੀ.ਐਸ.ਟੀ, ਪੀ.ਐਸ.ਡੀ.ਟੀ ਅਤੇ ਆਬਕਾਰੀ ਤੋਂ ਕੁੱਲ 31003.14 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ ਜਦੋਂ ਕਿ ਵਿੱਤੀ ਸਾਲ 2022-23 ਦੌਰਾਨ 27342.84 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸੂਬੇ ਵੱਲੋਂ ਇਸ ਕਰ ਮਾਲੀਏ ਵਿੱਚ 13.39 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਚ 2022 ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਨੇ ਬਿਹਤਰ ਯੋਜਨਾਬੰਦੀ ਅਤੇ ਪ੍ਰਭਾਵੀ ਅਮਲ ਨਾਲ ਰਿਕਾਰਡ ਮਾਲੀਆ ਇਕੱਤਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੇ 10 ਮਹੀਨਿਆਂ ਵਿੱਚ ਜੀ.ਐਸ.ਟੀ ਤੋਂ 17354.26 ਕਰੋੜ ਰੁਪਏ ਸ਼ੁੱਧ ਮਾਲੀਆ ਅਤੇ ਆਬਕਾਰੀ ਤੋਂ 7370.49 ਕਰੋੜ ਰੁਪਏ ਦਾ ਸ਼ੁੱਧ ਮਾਲੀਆ ਇਕੱਤਰ ਕੀਤਾ ਗਿਆ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਵਿੱਤੀ ਵਰ੍ਹੇ 2022-23 ਦੇ ਮੁਕਾਬਲੇ ਇਸ ਵਰ੍ਹੇ ਜੀ.ਐਸ.ਟੀ ਵਿੱਚ 2351.12 ਕਰੋੜ ਰੁਪਏ ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ 669.47 ਕਰੋੜ ਰੁਪਏ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਸੂਬੇ ਨੇ ਵੈਟ ਵਿੱਚ 10.89 ਪ੍ਰਤੀਸ਼ਤ, ਸੀ.ਐਸ.ਟੀ ਵਿੱਚ 28.14 ਪ੍ਰਤੀਸ਼ਤ ਅਤੇ ਪੀ.ਐਸ.ਡੀ.ਟੀ ਵਿੱਚ 5.53 ਪ੍ਰਤੀਸ਼ਤ ਵਾਧਾ ਦਰਜ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲੋਕਾਂ ‘ਤੇ ਕੋਈ ਨਵਾਂ ਬੋਝ ਪਾਏ ਬਿਨਾਂ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਨੂੰ ਯਕੀਨੀ ਬਣਾ ਕੇ ਇਹ ਪ੍ਰਾਪਤੀ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ ਕਰਨ ਤੋਂ ਇਲਾਵਾ ‘ਬਿੱਲ ਲਿਆਓ ਇਨਾਮ ਪਾਓ ਸਕੀਮ’, ਵਨ ਟਾਈਮ ਸੈਟਲਮੈਂਟ ਸਕੀਮ, 2023, ਪੰਜਾਬ ਜੀ.ਐਸ.ਟੀ ਸੋਧ ਐਕਟ, 2023, ਸੂਚਨਾ ਦੇਣ ਵਾਲਿਆਂ ਲਈ ਇਨਾਮ ਸਕੀਮ ਅਤੇ ਹੋਰ ਬਹੁਤ ਸਾਰੇ ਉਪਾਅ ਕੀਤੇ ਹਨ।