ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਉਦਮ ਸਦਕਾ ਦਿੜ੍ਹਬਾ ਹਲਕੇ ’ਚ 6.57 ਕਰੋੜ ਦੀ ਲਾਗਤ ਨਾਲ ਬਣਨਗੇ ਦੋ ਗਰਿੱਡ ਸਬ ਸਟੇਸ਼ਨ

0
318

ਪੰਜਾਬ ਸਰਕਾਰ ਨੇ ਨਿਰਮਾਣ ਨੂੰ ਦਿੱਤੀ ਪ੍ਰਵਾਨਗੀ, ਦਰਜਨਾਂ ਪਿੰਡਾਂ ਨੂੰ ਮਿਲੇਗਾ ਲਾਭ

ਖਡਿਆਲ ਤੇ ਕੜਿਆਲ ਵਿਖੇ ਹੋਵੇਗੀ ਬਿਜਲੀ ਗਰਿੱਡਾਂ ਦੀ ਉਸਾਰੀ

ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਥਾਈ ਹੱਲ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ: ਹਰਪਾਲ ਸਿੰਘ ਚੀਮਾ

ਦਿੜ੍ਹਬਾ/ਸੰਗਰੂਰ, 26 ਮਈ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬਿਜਲੀ ਦੀ ਕਮੀ ਨੂੰ ਮੁਕੰਮਲ ਤੌਰ ‘ਤੇ ਦੂਰ ਕਰਨ ਲਈ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਦੀ ਕੜੀ ਤਹਿਤ ਦਿੜ੍ਹਬਾ ਹਲਕੇ ਦੇ ਦੋ ਪਿੰਡਾਂ ਵਿੱਚ ਕਰੀਬ 6.57 ਕਰੋੜ ਰੁਪਏ ਦੀ ਲਾਗਤ ਨਾਲ ਦੋ ਨਵੇਂ 66 ਕੇ.ਵੀ ਗਰਿੱਡ ਸਬ ਸਟੇਸ਼ਨ ਸਥਾਪਤ ਕਰਨ ਨੂੰ ਪ੍ਰਵਾਨਗੀ ਮਿਲ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਵਿੱਚ ਇਹ ਗਰਿੱਡ ਲਾਹੇਵੰਦ ਸਾਬਤ ਹੋਣਗੇ ਅਤੇ ਭਵਿੱਖ ਵਿੱਚ ਲੋਕਾਂ ਨੂੰ ਬਿਜਲੀ ਦੀ ਕਮੀ ਨਾਲ ਜੂਝਣਾ ਨਹੀਂ ਪਵੇਗਾ।

ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਲਗਾਤਾਰ ਦਿੜ੍ਹਬਾ ਹਲਕੇ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਵਸਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕਾਰਜਸ਼ੀਲ ਹਨ ਅਤੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕਰਨ ਦੇ ਨਾਲ ਨਾਲ ਬੁਨਿਆਦੀ ਸੁਵਿਧਾਵਾਂ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖਡਿਆਲ ਤੇ ਕੜਿਆਲ ਵਿਖੇ ਪੀ.ਐਸ.ਪੀ.ਸੀ.ਐਲ ਵੱਲੋਂ ਗਰਿੱਡ ਸਬ ਸਟੇਸ਼ਨਾਂ ਦਾ ਨਿਰਮਾਣ 12.5 ਐਮ.ਵੀ.ਏ 66/11 ਕੇ.ਵੀ ਪਾਵਰ ਟਰਾਂਸਫਾਰਮਰ ਸਥਾਪਤ ਕਰਕੇ ਕੀਤਾ ਜਾ ਰਿਹਾ ਹੈ ਜਿਸ ਤਹਿਤ ਖਡਿਆਲ ਵਿਖੇ 66 ਕੇ.ਵੀ ਲਾਈਨ, ਮੌਜੂਦਾ 220 ਕੇ.ਵੀ ਗਰਿੱਡ ਸਬ ਸਟੇਸ਼ਨ ਬੀ.ਬੀ.ਐਮ.ਬੀ ਸੰਗਰੂਰ ਪਾਤੜਾਂ ਲਾਈਨ ਤੋਂ 4.4 ਕਿਲੋਮੀਟਰ ਨਵੀਂ ਲਾਈਨ ਉਸਾਰ ਕੇ ਕੀਤੀ ਜਾਵੇਗੀ ਜਦਕਿ ਕੜਿਆਲ ਵਿਖੇ ਮੌਜੂਦਾ 220 ਕੇ.ਵੀ ਗਰਿੱਡ ਸਬ ਸਟੇਸ਼ਨ ਪਾਤੜਾਂ ਦਿੜ੍ਹਬਾ ਲਾਈਨ ਤੋਂ 3.5 ਕਿਲੋਮੀਟਰ ਨਵੀਂ ਲਾਈਨ ਉਸਾਰ ਕੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਡਿਆਲ ਸਬ ਸਟੇਸ਼ਨ 7 ਅਤੇ ਕੜਿਆਲ ਸਬ ਸਟੇਸ਼ਨ 10 ਮਹੀਨਿਆਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਖਡਿਆਲ ਪ੍ਰੋਜੈਕਟ ’ਤੇ ਕਰੀਬ 3.38 ਕਰੋੜ ਅਤੇ ਕੜਿਆਲ ਪ੍ਰੋਜੈਕਟ ’ਤੇ 3.19 ਕਰੋੜ ਦੀ ਲਾਗਤ ਆਵੇਗੀ । ਕੈਬਨਿਟ ਮੰਤਰੀ ਨੇ ਦੱਸਿਆ ਕਿ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਗਰਿੱਡ ਦੀ ਉਸਾਰੀ ਲਈ ਜ਼ਮੀਨ ਮੁਫ਼ਤ ਮੁਹੱਈਆ ਕਰਵਾਈ ਗਈ ਹੈ ਅਤੇ ਖਡਿਆਲ ਸਬ ਸਟੇਸ਼ਨ ਬਣਨ ਨਾਲ 66 ਕੇ.ਵੀ ਗਰਿੱਡ ਸੂਲਰ ਘਰਾਟ, ਕੁਲਾਰਾਂ, ਚੱਠੇ ਨਨਹੇੜਾ ਤੇ ਸੁਨਾਮ ਨੂੰ ਰਾਹਤ ਮਿਲੇਗੀ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਗਰਿੱਡਾਂ ਤੋਂ 6-6 ਨਵੇਂ 11 ਕੇ.ਵੀ ਫੀਡਰ ਉਸਾਰਨ ਦੀ ਯੋਜਨਾ ਹੈ ਜਿਸ ਨਾਲ ਮੌਜੂਦਾ 11 ਕੇ.ਵੀ ਲਾਈਨਾਂ ਦੀ ਲੰਬਾਈ ਘਟੇਗੀ, ਵੋਲਟੇਜ ਵਿੱਚ ਸੁਧਾਰ ਹੋਵੇਗਾ ਅਤੇ ਨੁਕਸ ਪੈਣ ਦੀ ਸੰਭਾਵਨਾ ਘਟਣ ਦੇ ਨਾਲ ਨਾਲ ਬਿਜਲੀ ਸਪਲਾਈ ਦੀ ਗੁਣਵੱਤਾ ਤੇ ਭਰੋਸੇਯੋਗਤਾ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਖਡਿਆਲ ਗਰਿੱਡ ਨਾਲ ਖਡਿਆਲ, ਰਟੋਲਾਂ, ਬਿਸ਼ਨਪੁਰਾ, ਖਡਿਆਲ ਕੋਠੇ ਨੂੰ ਸਿੱਧੇ ਤੌਰ ’ਤੇ ਅਤੇ ਮਰਦਖੇੜਾ, ਕੁਲਾਰਾਂ, ਸੂਲਰ ਤੇ ਮਹਿਲਾਂ ਨੂੰ ਅਸਿੱਧਾ ਫਾਇਦਾ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕੜਿਆਲ ਗਰਿੱਡ ਨਾਲ ਕੜਿਆਲ, ਰਤਨਗੜ੍ਹ ਸਿੰਧੜਾਂ, ਖੇਤਲਾ ਤੇ ਧਰਮਗੜ੍ਹ ਛੰਨਾਂ ਦੇ ਨਾਲ ਨਾਲ ਕਾਕੂਵਾਲਾ, ਕੈਂਪਰ, ਗਾਮੜ੍ਹੀ, ਦਿੜ੍ਹਬਾ ਤੇ ਰਾਮਪੁਰ ਛੰਨਾਂ ਨੂੰ ਵੀ ਲਾਭ ਮਿਲੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਥਾਈ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੇ ਹਾਂ।‌

LEAVE A REPLY

Please enter your comment!
Please enter your name here