ਵੁਲਵਰਹੈਂਪਟਨ ਵਿਖੇ ਨਾਟਕ ਧਨੁ ਲੇਖਾਰੀ ਨਾਨਕਾ ਨੇ ਬੰਨ੍ਹਿਆ ਸਮਾਂ

0
220
ਗਲਾਸਗੋ/ ਵੁਲਵਰਹੈਂਪਟਨ (ਮਨਦੀਪ ਖੁਰਮੀ ਹਿੰਮਤਪੁਰਾ) -ਨਾਟਕਕਾਰ ਡਾ. ਸਾਹਿਬ ਸਿੰਘ ਦੇ ਬਹੁ-ਚਰਚਿਤ ਨਾਟਕ ‘ਧਨੁ ਲੇਖਾਰੀ ਨਾਨਕਾ’ ਦੀਆਂ ਯੂਕੇ ਵਿੱਚ ਪੇਸ਼ਕਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।  ਇਸੇ ਲੜੀ ਤਹਿਤ ਹੀ ਭਾਰਤ ਪਾਕਿਸਤਾਨ ਦੀ ਵੰਡ, ਆਜ਼ਾਦੀ ਦੀ 75ਵੀਂ ਵਰ੍ਹੇ-ਗੰਢ ਤੇ ਅਮਨ-ਸ਼ਾਂਤੀ ਨੂੰ ਸਮਰਪਿਤ ਸਮਾਗਮ ਦੌਰਾਨ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਸੈਂਟਰ (ਡਡਲੀ ਰੋਡ) ਵੁਲਵਰਹੈਂਪਟਨ ਵਿਖੇ ਵੀ ਇਸ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ 300 ਤੋਂ ਵੱਧ ਦਰਸ਼ਕਾਂ ਨੇ ਹਾਜ਼ਰੀ ਲਗਵਾ ਕੇ ਆਪਣਾ ਉਤਸ਼ਾਹ ਦਿਖਾਇਆ।ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਸਤੇ ਸ਼੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ (ਸੈਜਲੀ ਸਟ੍ਰੀਟ ਵੁਲਵਰਹੈਂਪਟਨ), ਗੁਰੂ ਕਾ ਨਿਵਾਸ ਗੁਰਦੁਆਰਾ ਸਾਹਿਬ, ਸ਼੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ (ਕੈਨਕ ਰੋਡ), ਬੁੱਧ-ਵਿਹਾਰ ਅਤੇ ਸ਼੍ਰੀ ਗੁਰੁ ਰਵਿਦਾਸ ਗੁਰਦੁਆਰਾ ਦੇ ਪ੍ਰਧਾਨ ਹਰੀ ਪਾਲ ਰੰਧਾਵਾ ਜੀ ਅਤੇ ਸਮੁੱਚੀ ਕਮੇਟੀ, ਭੁਪਿੰਦਰ ਸਿੰਘ ਸੱਗੂ (ਚੇਅਰਮੈਨ ਕੇਂਦਰੀ ਪੰਜਾਬੀ ਸਾਹਿਤ ਸਭਾ ਵੁਲਵਰਹੈਂਪਟਨ), ਬਲਦੇਵ ਮਹੇ (ਜਨਰਲ ਸਕੱਤਰ), ਮਹਿੰਦਰ ਸਿੰਘ (ਇੰਡੀਅਨ ਵਰਕਰਜ਼ ਐਸੋਸੀਏਸ਼ਨ), ਰਣਜੀਤ ਸਹੋਤਾ ਧਲੇਤਾ, ਤਰਕਸ਼ੀਲ ਸੁਸਾਇਟੀ ਬਰਮਿੰਘਮ, ਕਾਮਰੇਡ ਭਗਵੰਤ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣਾਂ ਵੱਲੋਂ ਸਹਿਯੋਗ ਦਿੱਤਾ ਗਿਆ। ਮੰਚ ਸੰਚਾਲਕ ਵਜੋਂ ਸੇਵਾ ਭੁਪਿੰਦਰ ਸਿੰਘ ਸੱਗੂ ਵੱਲੋਂ ਨਿਭਾਈ ਗਈ। ਬਹ-ਚਰਚਿਤ ਕਵੀ ਅਤੇ ਰੇਡੀਓ ਵਕਤਾ ਨਛੱਤਰ ਭੋਗਲ ਨੇ ਡਾ. ਸਾਹਿਬ ਸਿੰਘ ਦੀ ਸਿਫ਼ਤ ‘ਚ ਖ਼ਾਸ ਨਜ਼ਮ ਸਾਂਝੀ ਕੀਤੀ। ਗਾਇਕ ਪ੍ਰੇਮ ਚਮਕੀਲਾ ਨੇ ਦੇਸ਼-ਭਗਤੀ ਦਾ ਗੀਤ ਗਾ ਕੇ ਸ੍ਰੋਤਿਆਂ ਨੂੰ ਦੇਸ਼ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਸੁਨੇਹਾ ਦਿੱਤਾ ਅਤੇ ਹੋਰ ਬੁਲਾਰਿਆਂ ਹਰਸੇਵ ਬੈਂਸ ਅਤੇ ਹਰੀ ਪਾਲ ਰੰਧਾਵਾ ਵੱਲੋਂ ਨਸਲੀ ਵਿਤਕਰਿਆਂ ਅਤੇ ਮੌਜੂਦਾ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਨੇ ਚਾਹ ਤੇ ਸਮੋਸਿਆਂ ਦਾ ਆਨੰਦ ਮਾਣਿਆ। ਇਸ ਤਰ੍ਹਾਂ ਅਮਿਟ ਯਾਦਾਂ ਛੱਡਦਾ ਹੋਇਆ ਸਮਾਗਮ ਸੰਪੰਨ ਹੋਇਆ।

LEAVE A REPLY

Please enter your comment!
Please enter your name here