ਵੋਟਰ ਸੂਚੀਆਂ ਦੀ ਸੁਧਾਈ ਲਈ ਪੋਲਿੰਗ ਸਟੇਸ਼ਨਾਂ ਉਤੇ ਅੱਜ ਵਿਸ਼ੇਸ਼ ਕੈਂਪ ਲਗਾਏ
5 ਨਵੰਬਰ, 2 ਅਤੇ 3 ਦਸੰਬਰ ਨੂੰ ਵੀ ਲੱਗਣਗੇ ਕੈਂਪ – ਜ਼ਿਲ੍ਹਾ ਚੋਣ ਅਫ਼ਸਰ
ਸੰਗਰੂਰ,
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2024 ਦੇ ਅਧਾਰ ਤੇ ਜ਼ਿਲ੍ਹਾ ਸੰਗਰੂਰ ਵਿੱਚ ਆਉਂਦੇ ਕੁਲ 05 ਵਿਧਾਨ ਸਭਾ ਚੋਣ ਹਲਕਿਆਂ (99-ਲਹਿਰਾ, 100-ਦਿੜਬਾ (ਐਸ.ਸੀ), 101-ਸੁਨਾਮ, 107-ਧੂਰੀ ਅਤੇ 108-ਸੰਗਰੂਰ) ਦੇ ਪੋਲਿੰਗ ਸਟੇਸ਼ਨਾਂ ਉਤੇ ਅੱਜ ਬੂਥ ਲੈਵਲ ਅਫ਼ਸਰਾਂ ਵਲੋਂ ਵਿਸ਼ੇਸ਼ ਕੈਂਪ ਲਗਾਏ ਗਏ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮਿਤੀ 5 ਨਵੰਬਰ (ਦਿਨ ਐਤਵਾਰ), 2 ਦਸੰਬਰ (ਦਿਨ ਸ਼ਨੀਵਾਰ) ਤੇ 3 ਦਸੰਬਰ (ਦਿਨ ਐਤਵਾਰ) ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੀ ਵਿਸ਼ੇਸ਼ ਕੈਂਪ ਲੱਗਣਗੇ। ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2024 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ, ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰ. 6 ਭਰਕੇ ਬਤੋਰ ਵੋਟਰ ਰਜਿਸਟਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਸਾਲ 17 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਵਰਗ ਦੇ ਬੱਚਿਆਂ ਜਿਨ੍ਹਾਂ ਦੀ ਸਾਲ 2024 ਦੌਰਾਨ ਕਿਸੇ ਵੀ ਮਿਤੀ ਨੂੰ 18 ਸਾਲ ਦੀ ਉਮਰ ਪੂਰੀ ਹੋ ਜਾਵੇਗੀ, ਪਾਸੋਂ ਉਨ੍ਹਾਂ ਦੀ 18 ਸਾਲ ਉਮਰ ਪੂਰੀ ਹੋਣ ਦੀ ਮਿਤੀ ’ਤੇ ਬਤੋਰ ਵੋਟਰ ਰਜਿਸਟ੍ਰੇਸ਼ਨ ਕਰਨ ਸਬੰਧੀ ਐਡਵਾਂਸ ਤੌਰ ਤੇ ਫਾਰਮ ਨੰ. 6 ਪ੍ਰਾਪਤ ਕਰਨ ਦਾ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਸਾਲ 2024 ਵਿੱਚ ਪੈਂਦੀਆਂ ਕੁਲ ਚਾਰ ਤਿਮਾਹੀਆ ਯੋਗਤਾ ਮਿਤੀ 01 ਜਨਵਰੀ 2024 , 01 ਅਪ੍ਰੈਲ 2024, 01 ਜੁਲਾਈ 2024, ਅਤੇ 01 ਅਕਤੂਬਰ 2024 ਅਨੁਸਾਰ ਕਿਸੇ ਵੀ ਯੋਗਤਾ ਮਿਤੀ ਨੂੰ ਬਿਨੈਕਾਰ ਦੀ ਉਮਰ 18 ਸਾਲ ਪੂਰੀ ਹੋ ਜਾਂਦੀ ਹੈ (ਭਾਵ ਜਿਸਦੀ ਉਮਰ ਮਿਤੀ 01 ਜਨਵਰੀ 2024 ਨੂੰ 18 ਸਾਲ ਦੀ ਪੂਰੀ ਨਹੀਂ ਹੁੰਦੀ, ਪਰੰਤੂ ਉਸਦੀ ਉਮਰ ਸਾਲ ਦੀ ਅਗਲੀ ਤਿੰਨ ਯੋਗਤਾ ਮਿਤੀ ਅਨੁਸਾਰ 18 ਸਾਲ ਪੂਰੀ ਹੋ ਜਾਂਦੀ ਹੈ) ਤਾਂ ਅਜਿਹੇ ਬਿਨੈਕਾਰ ਆਪਣੀ ਵੋਟ ਬਨਾਉਣ ਲਈ ਐਡਵਾਂਸ ਵਿੱਚ ਫ਼ਾਰਮ ਨੰ. 6 ਭਰਕੇ ਦੇ ਸਕਣਗੇ। ਉਨ੍ਹਾਂ ਦੱਸਿਆ ਕਿ ਮਿਤੀ 01.01.2024 ਦੇ ਆਧਾਰ ਤੇ 18 ਸਾਲ ਪੂਰੀ ਕਰਨ ਵਾਲੇ ਬਿਨੈ ਪੱਤਰਾਂ ਦਾ ਨਿਪਟਾਰਾ ਵਿਧਾਨ ਸਭਾ ਚੋਣ ਹਲਕੇ ਦੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਨਾਲ ਦੀ ਨਾਲ ਕਰ ਦਿੱਤਾ ਜਾਵੇਗਾ ਅਤੇ ਸਾਲ ਦੀਆ ਅਗਲੀਆ ਤਿੰਨ ਤਿਮਾਹੀਆਂ ਦੌਰਾਨ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਬਿਨੈ ਪੱਤਰਾਂ ਦਾ ਨਿਪਟਾਰਾ ਯੋਗਤਾ ਮਿਤੀ ਦੇ ਪਹਿਲੇ ਮਹੀਨੇ ਦੌਰਾਨ ਕੀਤਾ ਜਾਵੇਗਾ।