ਵੋਟ ਪਾਉਣ ਲਈ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ 12 ਵੱਖ-ਵੱਖ ਦਸਤਾਵੇਜ਼ਾਂ ’ਚੋਂ ਕਿਸੇ ਵੀ ਦਸਤਾਵੇਜ਼ ਦਾ ਇਸਤੇਮਾਲ ਕਰ ਸਕਣਗੇ ਵੋਟਰ
ਦਲਜੀਤ ਕੌਰ
ਸੰਗਰੂਰ, 30 ਮਾਰਚ, 2024:
ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਤਰਫੋਂ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਦੀ ਸੁਵਿਧਾ ਲਈ 12 ਵੱਖ-ਵੱਖ ਦਸਤਾਵੇਜ਼ਾਂ ਨੂੰ ਸ਼ਨਾਖਤੀ ਸਬੂਤ ਦੇ ਤੌਰ ’ਤੇ ਅਧਿਕਾਰਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਦਿਖਾ ਕੇ ਵੋਟਰ ਆਪਣੇ ਵੋਟ ਪਾਉਣ ਦੇ ਕੀਮਤੀ ਅਧਿਕਾਰ ਦੀ ਵਰਤੋਂ ਕਰ ਸਕਣਗੇ। ਸ਼੍ਰੀ ਜੋਰਵਾਲ ਨੇ ਦੱਸਿਆ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਵੋਟਰਾਂ ਵੱਲੋਂ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ ਆਧਾਰ ਕਾਰਡ, ਮਨਰੇਗਾ ਜਾਬ ਕਾਰਡ, ਬੈਂਕ/ਡਾਕਖਾਨੇ ਦੀ ਪਾਸਬੁੱਕ ਫੋਟੋ ਸਮੇਤ, ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪਾਸਪੋਰਟ, ਫੋਟੋ ਵਾਲਾ ਪੈਨਸ਼ਨ ਦਸਤਾਵੇਜ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ./ਪਬਲਿਕ ਲਿਮਟਿਡ ਕੰਪਨੀ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤਾ ਫੋਟੋ ਵਾਲਾ ਸਰਵਿਸ ਸ਼ਨਾਖਤੀ ਕਾਰਡ, ਐਮ.ਪੀ./ਐਮ.ਐਲ.ਏ./ਐਮ.ਐਲ.ਸੀ. ਨੂੰ ਜਾਰੀ ਕੀਤਾ ਦਫ਼ਤਰੀ ਸ਼ਨਾਖਤੀ ਕਾਰਡ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਾਰੀ ਯੂ.ਡੀ.ਆਈ.ਡੀ. ਕਾਰਡ ਦਿਖਾ ਕੇ ਆਪਣੀ ਵੋਟ ਪਾ ਸਕਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ 7 ਮਈ ਨੂੰ ਹੋਵੇਗਾ ਅਤੇ ਉਮੀਦਵਾਰਾਂ ਵੱਲੋ 14 ਮਈ ਤੱਕ ਕਾਗਜ਼ ਭਰੇ ਜਾ ਸਕਣਗੇ, ਜਦਕਿ 15 ਮਈ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਵੇਗੀ । ਸ਼੍ਰੀ ਜੋਰਵਾਲ ਨੇ ਦੱਸਿਆ ਕਿ ਉਮੀਦਵਾਰ 17 ਮਈ ਤੱਕ ਨਾਮਜਦਗੀ ਕਾਗਜ਼ ਵਾਪਸ ਲੈ ਸਕਣਗੇ ਜਦਕਿ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।