ਵੱਖ-ਵੱਖ ਜਥੇਬੰਦੀਆਂ ਅਤੇ ਖੇਡ ਸੰਸਥਾਵਾਂ ਨਾਲ ਜੁੜੇ ਲੋਕਾਂ ਵੱਲੋਂ ਪਹਿਲਵਾਨ ਕੁੜੀਆਂ ਦੇ ਸਮਰਥਨ ‘ਚ ਰੋਸ-ਮੁਜ਼ਾਹਰਾ

0
88

ਲਹਿਰਾਗਾਗਾ, 9 ਮਈ, 2023 : ਲੋਕ ਚੇਤਨਾ ਮੰਚ, ਲਹਿਰਾਗਾਗਾ ਦੀ ਪਹਿਲਕਦਮੀ ‘ਤੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਖੇਡ ਸੰਸਥਾਵਾਂ ਨਾਲ ਜੁੜੇ ਲੋਕਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਮੋਰਚਾ ਲਾ ਕੇ ਸੰਘਰਸ਼ ਕਰ ਰਹੀਆਂ ਪਹਿਲਵਾਨ ਲੜਕੀਆਂ ਦੇ ਸੰਘਰਸ਼ ਦੀ ਹਮਾਇਤ ‘ਚ ਸੁਨਾਮ-ਜਾਖ਼ਲ ਰੋਡ/ਨਹਿਰ ਦੇ ਪੁਲ ‘ਤੇ ਜ਼ੋਰਦਾਰ ਰੋਸ-ਮੁਜ਼ਾਹਰਾ ਕੀਤਾ ਗਿਆ। ਪ੍ਰਰਸ਼ਨਕਾਰੀਆਂ ਨੇ ਸੰਘਰਸ਼ਸ਼ੀਲ ਪਹਿਲਵਾਨਾਂ ਦੇ ਹੱਕ ਵਿੱਚ ਅਤੇ ਕੁਸ਼ਤੀ ਸੰਘ ਦੇ ਪ੍ਰਧਾਨ ਸ਼ਰਣ ਭੂਸ਼ਨ ਸਿੰਘ ਦੇ ਖਿਲਾਫ਼ ਹੱਥਾਂ ‘ਚ ਤਖ਼ਤੀਆਂ ਲੈ ਕੇ ਕਰੀਬ ਇੱਕ ਘੰਟੇ ਤੱਕ ਨਾਅਰੇਬਾਜ਼ੀ ਕੀਤੀ। ਜਿਸਦਾ ਇਥੋਂ ਲੰਘਦੇ ਲੋਕਾਂ ਨੇ ਵੀ ਨੋਟਿਸ ਲਿਆ ਅਤੇ ਹਮਾਇਤ ਜ਼ਾਹਿਰ ਕੀਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਜਮਹੂਰੀ ਅਧਿਕਾਰ ਸਭਾ, ਜਿਲ੍ਹਾ ਸੰਗਰੂਰ ਦੇ ਆਗੂ ਨਾਮਦੇਵ ਭੁਟਾਲ, ਖੇਡ ਪ੍ਰੇਮੀ ਤੇ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ-ਏਕਤਾ ਉਗਰਾਹਾਂ ਦੇ ਆਗੂ ਸਰਬਜੀਤ ਸ਼ਰਮਾ ਨੇ ਕਿਹਾ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਖਿਡਾਰਣਾਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ੀ ਭਾਜਪਾਈ ਪਾਰਲੀਮੈਂਟ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੂੰ ਬਚਾਉਣ ਲਈ ਮੋਦੀ ਸਰਕਾਰ ਦੀ ਪਹੁੰਚ, ਢੀਠਪੁਣੇ ਦੀ ਹੱਦ ਹੈ। ਦੇਸ਼ ਲਈ ਤਗਮੇ ਜਿੱਤਣ ਵਾਲੀਆਂ ਪਹਿਲਵਾਨ ਕੁੜੀਆਂ ਇੱਕ ਬਾਹੂਬਲੀ ਗੁੰਡੇ ਨੂੰ ਗਿਰਫ਼ਤਾਰ ਕਰਵਾਉਣ ਲਈ ਪੰਦਰਾਂ ਦਿਨਾਂ ਤੋਂ ਧਰਨੇ ਤੇ ਬੈਠੀਆਂ ਹਨ ਪਰ ਕੇਂਦਰੀ ਖੇਡ ਮੰਤਰਾਲਾ ਅਤੇ ਮੋਦੀ ਸਰਕਾਰ ਉਨ੍ਹਾਂ ਨਾਮੀਂ ਪਹਿਲਵਾਨਾਂ ਦੀ ਗੱਲ ਤੱਕ ਸੁਣਨ ਲਈ ਤਿਆਰ ਨਹੀਂ। ਉਲਟਾ ਉਹਨਾਂ ਦੀ ਬਿਜਲੀ ਬੰਦ ਕਰਨ, ਬਾਰਸ਼ ਦੌਰਾਨ ਗੱਦੇ ਖੋਹ ਲੈਣ ਅਤੇ ਪੁਲਿਸ ਉਹਨਾਂ ਨਾਲ ਧੱਕਾ ਮੁੱਕੀ ਕਰਨ ਤੱਕ ਉੱਤਰ ਆਈ ਹੈ। ਧਰਨੇ ਦੇ ਹਮਾਇਤੀਆਂ, ਇੱਥੋਂ ਤੱਕ ਕਿ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੂੰ ਵੀ ਘੇਰ ਕੇ ਬੇਇੱਜ਼ਤ ਕੀਤਾ ਜਾਂਦਾ ਹੈ।

ਉਹਨਾਂ ਨੇ ਕਿਹਾ ਕਿ ਕਾਨੂੰਨੀ ਤੌਰ ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਪ੍ਰਾਪਤ ਹੋਣ ਤੇ ਤੁਰੰਤ ਐਫ ਆਈ ਆਰ ਦਰਜ ਕੀਤੀ ਜਾਣੀ ਚਾਹੀਦੀ ਹੈ, ਪਰ ਇੱਥੇ ਰਿਪੋਰਟ ਦਰਜ ਕਰਵਾਉਣ ਲਈ ਵੀ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਜਪਾ ਪਰਿਵਾਰਵਾਦ ਦੇ ਵਿਰੋਧ ਦਾ ਪਾਖੰਡ ਕਰਦੀ ਹੈ, ਦੂਜੇ ਪਾਸੇ ਨਾ ਸਿਰਫ਼ ਬਾਹੂਬਲੀ ਬ੍ਰਿਜ ਸ਼ਰਨ ਭੂਸ਼ਣ ਸਿੰਘ ਭਾਰਤੀ ਕੁਸ਼ਤੀ ਸੰਘ ਦਾ ਪ੍ਰਧਾਨ ਹੈ ਸਗੋਂ ਉਹ ਇੱਕ ਪੁੱਤਰ, ਪੁੱਤਰ ਦਾ ਸਾਲਾ ਤੇ ਦਾਮਾਦ ਵੀ ਕੁਸ਼ਤੀ ਸੰਘ ‘ਤੇ ਕਾਬਜ਼ ਹਨ। ਉਹਨਾਂ ਨੇ ਕਿਹਾ ਕਿ ਭਾਜਪਾ ਅਤੇ ਮੁੱਖ ਧਾਰਾ ਦਾ ਗੋਦੀ ਮੀਡੀਆ ਬਲਾਤਕਾਰੀ ਗੁੰਡੇ ਦੇ ਹੱਕ ਵਿੱਚ ਭੁਗਤਦਾ ਨਜ਼ਰ ਆ ਰਿਹਾ ਹੈ। ਧਰਨਾਕਾਰੀਆਂ ਨੇ ਕੁੜੀਆਂ ਨੂੰ ਡਟੇ ਰਹਿਣ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਲੋਕਾਂ ਦੀ ਇੱਕਜੁਟ ਤਾਕਤ, ਮੋਦੀ ਸਰਕਾਰ ਦੀ ਸ਼ਹਿ ਪ੍ਰਾਪਤ ਹੰਕਾਰੀ ਬ੍ਰਿਜ ਭੂਸ਼ਣ ਨੂੰ ਗਿਰਫ਼ਤਾਰ ਕਰਵਾ ਕੇ ਰਹਾਂਗੇ।

ਇਸ ਮੌਕੇ ਸੁਖਵਿੰਦਰ ਮੰਗੂ, ਗੁਰਚਰਨ ਸਿੰਘ, ਸੁਖਜਿੰਦਰ ਲਾਲੀ, ਲਛਮਣ ਅਲੀਸ਼ੇਰ, ਰਣਜੀਤ ਲਹਿਰਾ, ਰਣਦੀਪ ਸੰਗਤਪੁਰਾ, ਸੁਖਦੇਵ ਚੰਗਾਲੀਵਾਲਾ, ਰਘਬੀਰ ਭੁਟਾਲ, ਮਾਸਟਰ ਕੁਲਦੀਪ ਸਿੰਘ, ਬੱਬੀ, ਸੇਬੀ, ਕੁਲਦੀਪ ਘੋੜੇਨਬ, ਸ਼ਮਿੰਦਰ ਸਿੰਘ, ਸਰਬਜੀਤ ਕਿਸ਼ਨਗੜ੍ਹ, ਵਰਿੰਦਰ ਸਿੰਘ, ਹਰਬੰਤ ਸਿੰਘ, ਅਸ਼ੋਕ ਮਸਤੀ, ਜਰਨੈਲ ਸਿੰਘ, ਦੀਪਕ ਲਹਿਲਾਂ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here