ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਟ ਦੇ ਕਈ ਖੇਤਰਾਂ ਵਿੱਚ ਆਏ ਤੂਫਾਨ ਅਰਵੇਨ ਨਾਲ ਵੱਡੇ ਪੱਧਰ ‘ਤੇ ਤਬਾਹੀ ਮੱਚੀ ਹੈ। ਜਿਸ ਕਾਰਨ ਲੋਕਾਂ ਦੀ ਸਹਾਇਤਾ ਕਰਨ ਲਈ ਫੌਜ ਦੀ ਤਾਇਨਾਤੀ ਕੀਤੀ ਗਈ ਹੈ। ਤੂਫਾਨ ਅਰਵੇਨ ਕਾਰਨ ਹੋਈ ਤਬਾਹੀ ਤੋਂ ਬਾਅਦ ਕੁੱਝ ਖੇਤਰਾਂ ਜਿਵੇਂ ਕਿ ਏਬਰਡੀਨਸ਼ਾਇਰ ਵਿੱਚ ਅਜੇ ਵੀ ਬਿਜਲੀ ਤੋਂ ਬਿਨਾਂ ਲੋਕਾਂ ਦੀ ਸਹਾਇਤਾ ਲਈ 100 ਤੋਂ ਵੱਧ ਫੌਜੀ ਕਰਮਚਾਰੀ ਤਾਇਨਾਤ ਕੀਤੇ ਜਾ ਰਹੇ ਹਨ। ਇਸ ਸਥਾਨਕ ਅਥਾਰਟੀ ਦੁਆਰਾ ਯੂਕੇ ਸਰਕਾਰ ਨੂੰ ਸਹਾਇਤਾ ਦੀ ਬੇਨਤੀ ਕਰਨ ਤੋਂ ਬਾਅਦ ਵੀਰਵਾਰ ਨੂੰ ਪ੍ਰਭਾਵਿਤ ਭਾਈਚਾਰਿਆਂ ਵਿੱਚ ਸੈਨਿਕਾਂ ਦੀ ਸ਼ਮੂਲੀਅਤ ਸ਼ੁਰੂ ਹੋਈ। ਸਕਾਟਿਸ਼ ਅਤੇ ਦੱਖਣੀ ਇਲੈਕਟ੍ਰੀਸਿਟੀ ਨੈੱਟਵਰਕਸ (SS5N) ਨੇ ਸ਼ੁੱਕਰਵਾਰ ਦੇ ਤੂਫਾਨ ਕਾਰਨ ਹੋਏ ਨੁਕਸਾਨ ਤੋਂ ਬਾਅਦ 120,000 ਤੋਂ ਵੱਧ ਗਾਹਕਾਂ ਨੂੰ ਦੁਬਾਰਾ ਸਪਲਾਈ ਨਾਲ ਜੋੜਿਆ ਹੈ ਅਤੇ ਏਬਰਡੀਨਸ਼ਾਇਰ, ਮੋਰੇ, ਐਂਗਸ, ਪਰਥਸ਼ਾਇਰ ਅਤੇ ਸਟਰਲਿੰਗਸ਼ਾਇਰ ਆਦਿ ਖੇਤਰਾਂ ਵਿੱਚ ਅਜੇ ਵੀ ਬਿਜਲੀ ਸਪਲਾਈ ਪ੍ਰਭਾਵਿਤ ਹੈ। ਬਿਜਲੀ ਕੰਪਨੀ ਨੇ ਕਿਹਾ ਹੈ ਕਿ ਉਹ ਬਦਲਵੇਂ ਪ੍ਰਬੰਧ ਕਰਨ ਵਿੱਚ ਅਸਮਰੱਥ ਕਿਸੇ ਵੀ ਗਾਹਕ ਲਈ ਰਿਹਾਇਸ਼ ਦੇ ਸਾਰੇ ਵਾਜਬ ਖਰਚਿਆਂ ਦੀ ਅਦਾਇਗੀ ਕਰੇਗੀ। ਇਸਦੇ ਨਾਲ ਹੀ ਮੁਫਤ ਗਰਮ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਲਈ ਕੰਪਨੀ ਦੀਆਂ ਭਲਾਈ ਸਹੂਲਤਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਗਾਹਕ, ਸਥਾਨਕ ਅਦਾਰਿਆਂ ਤੋਂ 15 ਪੌਂਡ ਪ੍ਰਤੀ ਵਿਅਕਤੀ ਤੱਕ, ਟੇਕਵੇਅ ਜਾਂ ਭੋਜਨ ਦੀ ਕੀਮਤ ਦਾ ਦਾਅਵਾ ਵੀ ਕਰ ਸਕਦੇ ਹਨ।
Boota Singh Basi
President & Chief Editor