ਸਕਾਟਲੈਂਡ: ਤੇਜ ਰਿਕਾਰਡਜ਼ ਅਤੇ ਪੰਜ ਦਰਿਆ ਯੂਕੇ ਦੀ ਪੇਸ਼ਕਸ਼ ਗੀਤ ‘ਬੱਸ ਡਰਾਈਵਰ’ ਨੂੰ ਅੰਗਰੇਜ਼ੀ ਮੀਡੀਆ ਨੇ ਹੱਥਾਂ ‘ਤੇ ਚੱਕਿਆ

0
392
ਗਾਇਕ ਰਣਜੀਤ ਸਿੰਘ ਵੀਰ ਦੇ ਗੀਤ ਦੀ ਹੋ ਰਹੀ ਹੈ ਘਰ ਘਰ ਚਰਚਾ
ਵਿਸ਼ਵ ਦੇ ਵੱਡੇ ਅਖ਼ਬਾਰੀ ਅਦਾਰਿਆਂ ਨੇ ਦਿੱਤਾ ਗੀਤ ਨੂੰ ਮਾਣ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀ ਧਰਤੀ ਤੋਂ ਉਪਜੇ ਗੀਤ ‘ਬੱਸ ਡਰਾਈਵਰ’ ਨੇ ਸਮੁੱਚੇ ਵਿਸ਼ਵ ਵਿੱਚ ਧੁੰਮ ਮਚਾਈ ਹੋਈ ਹੈ। ਇਸ ਗੀਤ ਦੇ ਗਾਇਕ ਰਣਜੀਤ ਸਿੰਘ ਵੀਰ ਬਰਮਿੰਘਮ ਦੇ ਵਸਨੀਕ ਹਨ ਅਤੇ ਖੁਦ ਇੱਕ ਬੱਸ ਡਰਾਈਵਰ ਹਨ। ਉਹਨਾਂ ਇਸ ਗੀਤ ਨੂੰ ਰਿਲੀਜ਼ ਕਰਨ ਦੀ ਜਿੰਮੇਵਾਰੀ ਯੂਕੇ ਦੇ ਹੁਣ ਤੱਕ ਦੇ ਪਹਿਲੇ ਪੰਜਾਬੀ ਈਪੇਪਰ ‘ਪੰਜ ਦਰਿਆ ਯੂਕੇ’ ਦੀ ਝੋਲੀ ਪਾਈ। ਇਸ ਉਪਰੰਤ ਸਕਾਟਲੈਂਡ ਤੋਂ ਹੀ ਸੰਚਾਲਿਤ ਯੂ-ਟਿਊਬ ਚੈੱਨਲ ‘ਤੇਜ ਰਿਕਾਰਡਜ਼’ ਰਾਂਹੀਂ ਇਸ ਗੀਤ ਨੂੰ ਦਰਸ਼ਕਾਂ ਦੀ ਝੋਲੀ ਪਾਇਆ ਗਿਆ। ਸੰਗੀਤਕਾਰ ਡੀ ਗਿੱਲ ਦੇ ਸੰਗੀਤ ਵਿੱਚ ਪਰੋਇਆ ਇਹ ਗੀਤ ਬੇਸ਼ੱਕ ਪੰਜਾਬੀ ਭਾਸ਼ਾ ਵਿੱਚ ਹੈ ਪਰ ਇੱਕ ਡਰਾਈਵਰ ਵੱਲੋਂ ਆਪਣੇ ਕਿੱਤੇ ਪ੍ਰਤੀ ਲਗਨ ਨੂੰ ਗੀਤ ਰਾਹੀ ਬਿਆਨ ਕਰਨ ਦੇ ਉੱਦਮ ਨੂੰ ਸਲਾਹੁਦਿਆਂ ਬੀ ਬੀ ਸੀ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ, ਆਈ ਟੀਵੀ, ਮੈਟਰੋ, ਐਕਸਪ੍ਰੈੱਸ ਐਂਡ ਸਟਾਰ, ਨਿਊਯਾਰਕ ਟਾਈਮਜ਼ ਸਮੇਤ ਵਿਸ਼ਵ ਦੇ ਲਗਭਗ ਸਾਰੇ ਵੱਡੇ ਅਖ਼ਬਾਰੀ ਅਦਾਰਿਆਂ ਨੇ ਇਸ ਗੀਤ ਨੂੰ ਆਪਣੇ ਮੰਚ ਰਾਂਹੀਂ ਪ੍ਰਚਾਰਿਆ ਹੈ। ਜਿਸ ਦਾ ਨਤੀਜਾ ਇਹ ਨਿੱਕਲ ਰਿਹਾ ਹੈ ਕਿ ਰਣਜੀਤ ਸਿੰਘ ਵੀਰ ਦੀ ਲਗਭਗ ਹਰ ਰੋਜ ਕਿਸੇ ਨਾ ਕਿਸੇ ਅੰਗਰੇਜ਼ੀ ਚੈੱਨਲ ‘ਤੇ ਇੰਟਰਵਿਊ ਹੋ ਰਹੀ ਹੁੰਦੀ ਹੈ। ਤੇਜ ਰਿਕਾਰਡਜ਼ ਅਤੇ ਪੰਜ ਦਰਿਆ ਯੂਕੇ ਦੇ ਸਾਂਝੇ ਉੱਦਮ ਨੂੰ ਇੰਨਾ ਵੱਡਾ ਮਾਣ ਮਿਲਣਾ ਬਿਆਨ ਕਰਨ ਤੋਂ ਪਰ੍ਹੇ ਹੈ। ਰਣਜੀਤ ਸਿੰਘ ਵੀਰ ਨੇ ਕਿਹਾ ਕਿ ਪੰਜਾਬੀ ਮੀਡੀਆ ਵਿੱਚ ਚਰਚਾ ਹੋਣ ‘ਤੇ ਸਿਰਫ਼ ਪੰਜਾਬੀ ਭਾਈਚਾਰੇ ਦੇ ਲੋਕ ਹੀ ਉਸ ਨੂੰ ਰਾਹ ਖੜੇ ਬੁਲਾਉਂਦੇ ਸਨ ਪਰ ਹੁਣ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਚੈੱਨਲਾਂ ‘ਤੇ ਇੰਟਰਵਿਊਜ਼ ਹੋਣ ਨਾਲ ਫੋਟੋਆਂ ਖਿਚਵਾਉਣ ਵਾਲੀਆਂ ਸਵਾਰੀਆਂ ਦਾ ਵੀ ਤਾਂਤਾ ਲੱਗਾ ਰਹਿੰਦਾ ਹੈ। ਰਾਹ ਤੁਰੇ ਜਾਂਦੇ ਨੂੰ ਵੀ ਅਕਸਰ ਲੋਕ ਇਹ ਕਹਿ ਕੇ ਰੋਕ ਲੈਂਦੇ ਹਨ ਕਿ “ਮਿਸਟਰ ਸਿੰਘ, ਤੂੰ ਉਹੀ ਹੈਂ? ਜਿਸ ਦਾ ਗੀਤ ਚੈੱਨਲਾਂ ‘ਤੇ ਚੱਲ ਰਿਹਾ ਹੈ।” ਤੇਜ ਰਿਕਾਰਡਜ਼ ਦੇ ਡਾਇਰੈਕਟਰ ਕਰਮਜੀਤ ਮੀਨੀਆਂ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਇਹ ਆਪਣੇ ਆਪ ਵਿੱਚ ਹੀ ਆਲੋਕਾਰੀ ਗੱਲ ਹੈ ਕਿ ਇੱਕ ਪੰਜਾਬੀ ਗੀਤ ਨੂੰ ਵਿਸ਼ਵ ਭਰ ਦਾ ਅੰਗਰੇਜ਼ੀ ਮੀਡੀਆ ਆਪ ਮੁਹਾਰੇ ਹੀ ਪ੍ਰਚਾਰ ਰਿਹਾ ਹੋਵੇ। “ਪੰਜ ਦਰਿਆ ਯੂਕੇ” ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਸੱਚੇ ਦਿਲੋਂ ਕੀਤੀ ਮਿਹਨਤ ਆਪਣਾ ਰੰਗ ਦਿਖਾਉਂਦੀ ਹੀ ਹੈ। ਰਣਜੀਤ ਸਿੰਘ ਵੀਰ ਦੇ ਗੀਤ ਦੀ ਚਰਚਾ ਨੇ ਇਸ ਗੱਲ ‘ਤੇ ਮੋਹਰ ਲਾ ਦਿੱਤੀ ਹੈ ਕਿ ਨਿਸ਼ਕਾਮ ਕਾਰਜ ਆਪ ਮੁਹਾਰੇ ਹੀ ਮਾਣ ਹਾਸਲ ਕਰ ਲੈਂਦੇ ਹਨ।

LEAVE A REPLY

Please enter your comment!
Please enter your name here