ਸਕਾਟਲੈਂਡ ਦੇ ਫਸਟ ਮਨਿਸਟਰ ਦੀ ਦੌੜ ‘ਚ ਹਮਜ਼ਾ ਯੂਸਫ਼ ਨੇ ਮਾਰੀ ਬਾਜ਼ੀ

0
218

ਛੇ ਦਹਾਕੇ ਪਹਿਲਾਂ ਪਰਿਵਾਰ ਦੇ ਬਜ਼ੁਰਗ ਲਹਿੰਦੇ ਪੰਜਾਬ ਤੋਂ ਸਕਾਟਲੈਂਡ ਆਣ ਵਸੇ ਸਨ

ਏਸ਼ੀਅਨ ਭਾਈਚਾਰੇ ਦੇ ਲੋਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਫਸਟ ਮਨਿਸਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਨਿਕੋਲਾ ਸਟਰਜਨ ਦੀ ਥਾਂ ਅਜਿਹੇ ਨੇਤਾ ਦੀ ਭਾਲ ਸ਼ੁਰੂ ਹੋਈ ਸੀ, ਜੋ ਐਸਐਨਪੀ ਨੇਤਾ ਵਜੋਂ ਪਾਰਟੀ ਦਾ ਭਾਰ ਆਪਣੇ ਮੋਢਿਆਂ ‘ਤੇ ਝੱਲ ਸਕੇ। ਅਖੀਰ ਫਸਟ ਮਨਿਸਟਰ ਬਣਨ ਦੀ ਦੌੜ ਨੂੰ ਬਰੇਕਾਂ ਲੱਗ ਗਈਆਂ ਹਨ ਕਿਉਂਕਿ 37 ਸਾਲਾ ਹਮਜ਼ਾ ਯੂਸਫ ਨੇ ਸਕਾਟਲੈਂਡ ਦੇ ਨਵੇਂ ਫਸਟ ਮਨਿਸਟਰ ਵਜੋਂ ਬਾਜ਼ੀ ਮਾਰ ਲਈ ਹੈ। ਜਾਣਕਾਰੀ ਮੁਤਾਬਕ ਹਮਜ਼ਾ ਯੂਸਫ ਨੇ ਲੀਡਰਸ਼ਿਪ ਮੁਕਾਬਲੇ ਵਿੱਚ ਵਿਰੋਧੀਆਂ ਕੇਟ ਫੋਰਬਸ ਅਤੇ ਐਸ਼ ਰੀਗਨ ਨੂੰ ਹਰਾਇਆ ਜਿਸ ਨੇ ਪਾਰਟੀ ਅੰਦਰ ਡੂੰਘੀਆਂ ਵੰਡੀਆਂ ਦਾ ਪਰਦਾਫਾਸ਼ ਕੀਤਾ। ਦੱਸ ਦਈਏ ਕਿ ਹਮਜ਼ਾ ਯੂਸਫ ਯੂਕੇ ਦੀ ਵੱਡੀ ਪਾਰਟੀ ਦੀ ਅਗਵਾਈ ਕਰਨ ਵਾਲਾ ਪਹਿਲਾ ਮੁਸਲਮਾਨ ਨੌਜਵਾਨ ਹੈ। ਇਸ ਸਮੇਂ ਮਿਸਟਰ ਯੂਸਫ ਸਕਾਟਲੈਂਡ ਦੇ ਸਿਹਤ ਸਕੱਤਰ ਹਨ ਅਤੇ ਵਿਆਪਕ ਤੌਰ ’ਤੇ ਨਿਕੋਲਾ ਸਟਰਜਨ ਦਾ ਤਰਜੀਹੀ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ। ਹਾਲਾਂਕਿ ਉਸਨੇ ਸਪੱਸ਼ਟ ਤੌਰ ’ਤੇ ਮੁਕਾਬਲੇ ਵਿੱਚ ਕਿਸੇ ਵੀ ਉਮੀਦਵਾਰ ਦਾ ਸਮਰਥਨ ਨਹੀਂ ਕੀਤਾ। ਇਸ ਲੀਡਰਸ਼ਿਪ ਚੋਣ ਦਾ ਫੈਸਲਾ ਸਿੰਗਲ ਟਰਾਂਸਫਰੇਬਲ ਵੋਟ ਪ੍ਰਣਾਲੀ ਦੁਆਰਾ ਕੀਤਾ ਗਿਆ ਜਿਸ ਵਿੱਚ ਐੱਸ ਐੱਨ ਪੀ ਦੇ 72,169 ਮੈਂਬਰਾਂ ਵਿੱਚੋਂ 50,490 ਨੇ ਇੱਕ ਮਤਦਾਨ ਕੀਤਾ ਜਿਹਨਾਂ ਵਿਚੋਂ ਜ਼ਿਆਦਾਤਰ ਔਨਲਾਈਨ ਸਨ। ਸਿੰਗਲ ਟਰਾਂਸਫਰੇਬਲ ਵੋਟ ਪ੍ਰਣਾਲੀ ਵਿੱਚ ਹਮਜ਼ਾ ਯੂਸਫ਼ ਨੇ 24,336 (48%), ਕੇਟ ਫੋਰਬਸ ਨੇ 20,559 (40%) ਅਤੇ ਐਸ਼ ਰੀਗਨ ਨੇ 5,599 (11%) ਵੋਟਾਂ ਲਈਆਂ। ਰੀਗਨ ਦੇ ਪਹਿਲੇ ਗੇੜ ਵਿੱਚ ਬਾਹਰ ਹੋਣ ਤੋਂ ਬਾਅਦ, ਹਮਜ਼ਾ ਯੂਸਫ ਨੇ ਫੋਰਬਸ ਨੂੰ ਦੂਜੇ ਗੇੜ ਵਿੱਚ 48% ਦੇ ਮੁਕਾਬਲੇ 52% ਨਾਲ ਹਰਾਇਆ। ਹਮਜ਼ਾ ਯੂਸਫ ਨੂੰ 26,032 ਅਤੇ ਫੋਰਬਸ ਨੂੰ 23,890 ਵੋਟਾਂ ਮਿਲੀਆਂ। ਸਕਾਟਲੈਂਡ ਦੇ ਛੇਵੇਂ ਫਸਟ ਮਨਿਸਟਰ ਬਣਨ ਤੋਂ ਪਹਿਲਾਂ ਮੰਗਲਵਾਰ ਨੂੰ ਨਵੇਂ ਐੱਸ ਐੱਨ ਪੀ ਨੇਤਾ ਨੂੰ ਸਕਾਟਿਸ਼ ਸੰਸਦ ਵਿੱਚ ਇੱਕ ਵੋਟ ਦਾ ਸਾਹਮਣਾ ਕਰਨਾ ਪਏਗਾ ਜਿਸ ਨੂੰ ਜਿੱਤਣਾ ਲਗਭਗ ਨਿਸ਼ਚਤ ਹੈ। ਜਿੱਤ ਉਪਰੰਤ ਹਮਜ਼ਾ ਯੂਸਫ ਨੇ ਬੇਹੱਦ ਸਿਆਣਪ ਭਰੀ ਟਿੱਪਣੀ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਅਸੀਂ ਸਿਰਫ ਮੁਕਾਬਲੇ ਦੇ ਵਿਰੋਧੀ ਸਾਂ। ਹੁਣ ਅਸੀਂ ਟੀਮ ਯੂਸਫ, ਟੀਮ ਕੇਟ ਜਾਂ ਟੀਮ ਐਸ਼ ਦੀ ਬਜਾਏ “ਇੱਕ ਟੀਮ” ਹਾਂ। ਅਸੀਂ ਹੁਣ ਫਿਰ ਇੱਕਜੁਟ ਹੋ ਕੇ ਸਕਾਟਲੈਂਡ ਦੀ ਆਜਾਦੀ ਲਈ ਕੰਮ ਕਰਾਂਗੇ। ਉਹਨਾਂ ਬੋਲਦਿਆਂ ਕਿਹਾ ਕਿ ਮੈਨੂੰ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਮੈਂ ਦੁਨੀਆਂ ਦਾ ਸਭ ਤੋਂ ਵੱਧ ਖੁਸ਼ਕਿਸਮਤ ਆਦਮੀ ਹੋਵਾਂ। ਮੈਂ 20 ਸਾਲ ਪਹਿਲਾਂ ਐੱਸ ਐੱਨ ਪੀ ਦਾ ਲੜ ਫੜਿਆ ਸੀ ਤੇ ਅੱਜ ਪਾਰਟੀ ਪ੍ਰਮੁੱਖ ਵਜੋਂ ਖੜ੍ਹਾ ਹਾਂ। ਹਮਜ਼ਾ ਯੂਸਫ ਨੇ ਲਗਭਗ ਛੇ ਦਹਾਕੇ ਪਹਿਲਾਂ ਪੰਜਾਬ ਤੋਂ ਸਕਾਟਲੈਂਡ ਆ ਵਸੇ ਆਪਣੇ ਪਰਿਵਾਰ ਦਾ ਜਿਕਰ ਕਰਦਿਆਂ ਫਖਰ ਨਾਲ ਕਿਹਾ ਕਿ ਉਹਨਾਂ ਦੇ ਬਜ਼ੁਰਗ ਇਸ ਮੁਲਕ ‘ਚ ਆਉਣ ਵੇਲੇ ਅੰਗਰੇਜ਼ ਦਾ ਇੱਕ ਲਫਜ਼ ਵੀ ਨਹੀਂ ਜਾਣਦੇ ਸਨ ਪਰ ਅੱਜ ਉਹਨਾਂ ਦਾ ਪੋਤਰਾ ਸਕਾਟਲੈਂਡ ਦਾ ਫਸਟ ਮਨਿਸਟਰ ਬਣ ਗਿਆ ਹੈ। ਉਹਨਾਂ ਸਕਾਟਲੈਂਡ ਦੇ ਲੋਕਾਂ ਨੂੰ ਯਕੀਨ ਦੁਆਇਆ ਕਿ ਉਹ ਉਹਨਾਂ ਦਾ ਪਿਆਰ ਅਤੇ ਵਿਸ਼ਵਾਸ ਹਾਸਲ ਕਰਨ ਲਈ ਹਰ ਸਾਹ ਅਰਪਣ ਕਰਦਿਆਂ ਤਨਦੇਹੀ ਨਾਲ ਕਾਰਜ ਕਰਨਗੇ। ਹਮਜ਼ਾ ਯੂਸਫ ਦੀ ਜਿੱਤ ਸੰਬੰਧੀ ਸਾਬਕਾ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਰਸਮੀ ਵਧਾਈ ਪੇਸ਼ ਕਰਦਿਆਂ ਭਵਿੱਖੀ ਸਫਲਤਾ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਹਮਜ਼ਾ ਯੂਸਫ ਵੱਲੋਂ ਸਕਾਟਲੈਂਡ ਦੇ ਫਸਟ ਮਨਿਸਟਰ ਬਣਨ ‘ਤੇ ਏਸ਼ੀਅਨ ਭਾਈਚਾਰੇ ਵਿੱਚ ਬੇਹੱਦ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here