ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਜੁੜੀਆਂ ਮੌਤਾਂ ਦੀ ਜਾਂਚ ਕਰਨ ਵਾਲੀ ਇੱਕ ਵਿਸ਼ੇਸ਼ ਜਾਂਚ ਯੂਨਿਟ ਸਕਾਟਿਸ਼ ਹਸਪਤਾਲਾਂ ਵਿੱਚ 827 ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਕ੍ਰਾਊਨ ਆਫਿਸ ਨੇ ਮਹੱਤਵਪੂਰਨ ਜਨਤਕ ਚਿੰਤਾ ਦੇ ਮੱਦੇਨਜ਼ਰ, ਕੋਵਿਡ ਮੌਤ ਜਾਂਚ ਟੀਮ (ਸੀ ਡੀ ਆਈ ਟੀ) ਦੀ ਸਥਾਪਨਾ ਕੀਤੀ, ਜੋ ਕਿ ਸਕਾਟਲੈਂਡ ਪੁਲਿਸ ਅਤੇ ਹੋਰ ਏਜੰਸੀਆਂ ਨਾਲ ਕੰਮ ਕਰ ਰਹੀ ਹੈ। ਇਹ ਜਾਂਚ ਉਨ੍ਹਾਂ ਮਾਮਲਿਆਂ ’ਤੇ ਵਿਚਾਰ ਕਰ ਰਹੀ ਹੈ ਜਿੱਥੇ ਮ੍ਰਿਤਕ ਇੱਕ ਕੇਅਰ ਹੋਮ ਵਿੱਚ ਰਹਿ ਰਿਹਾ ਸੀ , ਜਿਸ ਵੇਲੇ ਉਹ ਵਾਇਰਸ ਪੀੜਤ ਹੋਇਆ ਸੀ ਪਰ ਇਸ ਟੀਮ ਨੂੰ ਹਸਪਤਾਲਾਂ ਨਾਲ ਜੁੜੀਆਂ ਮੌਤਾਂ ਦੀਆਂ ਸੈਂਕੜੇ ਰਿਪੋਰਟਾਂ ਵੀ ਮਿਲੀਆਂ ਹਨ। ਜਦੋਂ ਕਿਸੇ ਵਿਅਕਤੀ ਨੂੰ ਕੋਵਿਡ -19 ਹੈ ਅਤੇ ਉਹ ਡਾਕਟਰੀ ਦੇਖਭਾਲ ਵਿੱਚ ਹੈ ਤਾਂ ਡਾਕਟਰਾਂ ਨੂੰ ਮੌਤ ਦੀ ਰਿਪੋਰਟ ਪ੍ਰੋਕਿਊਰੇਟਰ ਫਿਸਕਲ ਨੂੰ ਕਰਨੀ ਜਰੂਰੀ ਹੈ। ਗਲਾਸਗੋ ਦੇ ਸਭ ਤੋਂ ਵੱਡੇ ਹਸਪਤਾਲ ਕਵੀਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਵਿੱਚ ਕੋਵਿਡ ਨਾਲ ਜੁੜੀਆਂ ਸਭ ਤੋਂ ਵੱਧ 113 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਇਸਦੇ ਇਲਾਵਾ 7 ਅਕਤੂਬਰ ਤੱਕ, ਐਡਿਨਬਰਾ ਦੇ ਰਾਇਲ ਇਨਫਰਮਰੀ ‘ਚ 70, ਕਿਲਮਾਰਨੌਕ ਦੇ ਕਰਾਸਹਾਊਸ ਹਸਪਤਾਲ ਵਿੱਚ 55 ਅਤੇ ਡੰਡੀ ਦੇ ਨਾਇਨਵੈਲਜ਼ ਵਿੱਚ 46 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਅੰਕੜਿਆਂ ਅਨੁਸਾਰ ਸਤੰਬਰ ਤੱਕ ਲਗਭਗ 3500 ਕੇਅਰ ਹੋਮ ਮੌਤਾਂ ਦੀ ਰਿਪੋਰਟ ਸੀ ਡੀ ਆਈ ਟੀ ਨੂੰ ਦਿੱਤੀ ਗਈ ਹੈ।
Boota Singh Basi
President & Chief Editor