ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕੌਟਿਸ਼ ਚਾਈਲਡ ਪੇਮੈਂਟ ਨੂੰ ਹਫ਼ਤੇ ਵਿੱਚ £25 ਤੱਕ ਵਧਾਉਣ ਦੀ ਪੁਸ਼ਟੀ ਕੀਤੀ ਹੈ। ਫਸਟ ਮਨਿਸਟਰ ਨੇ ਪੁਸ਼ਟੀ ਕੀਤੀ ਹੈ ਕਿ ਸਕੌਟਿਸ਼ ਚਾਈਲਡ ਪੇਮੈਂਟ £20 ਪ੍ਰਤੀ ਹਫ਼ਤੇ ਤੋਂ £25 ਤੱਕ ਵਧ ਜਾਵੇਗੀ। ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਪਿਛਲੇ ਸਾਲ ਫਰਵਰੀ ਵਿੱਚ ਸ਼ੁਰੂ ਕੀਤੇ ਜਾਣ ਤੋਂ ਲੈ ਕੇ ਹੁਣ ਤੱਕ £84 ਮਿਲੀਅਨ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਹੁਣ 100,000 ਤੋਂ ਵੱਧ ਬੱਚਿਆਂ ਨੂੰ ਇਸਦਾ ਲਾਭ ਮਿਲਦਾ ਹੈ। ਜ਼ਿਕਰਯੋਗ ਹੈ ਕਿ ਇਹ ਵਾਧਾ ਨਵੰਬਰ ਵਿੱਚ ਹੋਵੇਗਾ ਅਤੇ ਭੁਗਤਾਨ 16 ਸਾਲ ਤੋਂ ਘੱਟ ਉਮਰ ਦੇ ਸਾਰੇ ਯੋਗ ਬੱਚਿਆਂ ਲਈ ਨੂੰ ਮਿਲਣਯੋਗ ਹੋਵੇਗਾ। ਸਕਾਟਿਸ਼ ਸਰਕਾਰ ਵੱਲੋਂ ਪਹਿਲਾਂ ਮਿਲਦੇ £10 ਨੂੰ ਦੁੱਗਣਾ ਕਰਨ ਤੋਂ ਬਾਅਦ ਇਹ ਵਾਧਾ ਅਪ੍ਰੈਲ ਵਿੱਚ ਵਾਪਸ £20 ਹੋਇਆ ਸੀ। ਸਕਾਟਲੈਂਡ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਹ ਤਬਦੀਲੀ 14 ਨਵੰਬਰ ਤੋਂ ਅਮਲ ਵਿੱਚ ਆਵੇਗੀ। ਨਿਕੋਲਾ ਸਟਰਜਨ ਦਾ ਕਹਿਣਾ ਹੈ ਕਿ “ਯੂਕੇ ਭਰ ਵਿੱਚ ਬੱਚਿਆਂ ਦੀ ਗਰੀਬੀ ਦੇ ਮਾਮਲੇ ਵਿੱਚ ਸਕਾਟਲੈਂਡ ਦੇ ਬੱਚਿਆਂ ਦਾ ਜੀਵਨ ਪੱਧਰ ਬਿਹਤਰ ਹੈ। ਅਸੀਂ ਅਪ੍ਰੈਲ ਮਹੀਨੇ ਵਿੱਚ ਪਹਿਲਾਂ ਵੀ ਇਹ ਰਾਸ਼ੀ 10 ਪੌਂਡ ਪ੍ਰਤੀ ਹਫਤਾ ਤੋਂ ਦੁੱਗਣੀ ਕਰਕੇ 20 ਪੌਂਡ ਕੀਤੀ ਸੀ। ਹੁਣ 20 ਪੌਂਡ ਤੋਂ ਵਧਾ ਕੇ 25 ਪੌਂਡ ਕਰਨ ਦਾ ਮਤਲਬ ਹੈ ਕਿ ਸਿਰਫ 8 ਮਹੀਨੇ ਵਿਚ ਹੀ 150% ਵਾਧਾ ਕੀਤਾ ਗਿਆ ਹੈ।
Boota Singh Basi
President & Chief Editor