ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼ ਵੱਲੋਂ ਕੀਤਾ ਗਿਆ ਉਪਰਾਲਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਭਾਰਤ ਦੇ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਵਿਸ਼ਾਲ ਸਮਾਰੋਹ ਕਰਵਾਇਆ ਗਿਆ। ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼ (ਏ ਆਈ ਓ) ਦੇ ਵਿਸ਼ੇਸ਼ ਉੱਦਮ ਨਾਲ ਐਲਬਰਟ ਡਰਾਈਵ ਸਥਿਤ ਟਰਾਮਵੇਅ ਵਿਖੇ ਹੋਏ ਇਸ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਇਕੱਠ ਪੱਖੋਂ ਪਿਛਲੇ ਸਭ ਰਿਕਾਰਡ ਟੁੱਟ ਗਏ। ਪ੍ਰਬੰਧਕਾਂ ਵੱਲੋਂ ਮੁੱਖ ਹਾਲ ਦੇ ਖਚਾਖਚ ਭਰ ਜਾਣ ਉਪਰੰਤ ਉਡੀਕ ਕਰ ਰਹੇ ਲੋਕਾਂ ਨੂੰ ਬਿਠਾਉਣ ਲਈ ਬਾਲਕੋਨੀ ਵਾਲੀਆਂ ਸੀਟਾਂ ਵੀ ਵਰਤਣੀਆਂ ਪਈਆਂ। ਸੈਂਕੜਿਆਂ ਦੀ ਤਾਦਾਦ ਵਿੱਚ ਲੋਕਾਂ ਨੂੰ ਸੀਟਾਂ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣਾ ਪਿਆ। ਸਮਾਗਮ ਦੀ ਸ਼ੁਰੂਆਤ ਦੌਰਾਨ ਸ਼ਮਾਂ ਰੌਸ਼ਨ ਕਰਨ ਦੀ ਰਸਮ ਹਿੰਦੂ ਮੰਦਰ ਗਲਾਸਗੋ ਦੇ ਅਚਾਰੀਆ ਮੇਧਨੀਪਤਿ ਮਿਸ਼ਰ, ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਸ੍ਰੀ ਬਿਜੈ ਸੇਲਵਰਾਜ, ਸ੍ਰੀ ਸਤਿਆਵੀਰ ਸਿੰਘ, ਏ ਆਈ ਓ ਆਗੂ ਸੋਹਣ ਸਿੰਘ ਰੰਧਾਵਾ, ਅਮ੍ਰਿਤਪਾਲ ਕੌਸ਼ਲ (ਐੱਮ ਬੀ ਈ), ਸ੍ਰੀਮਤੀ ਮਰਿਦੁਲਾ ਚਕਰਬਰਤੀ (ਐੱਮ ਬੀ ਈ), ਲੌਰਡ ਪ੍ਰੋਵੋਸਟ ਗਲਾਸਗੋ ਜੈਕੀ ਮੈਕਲੇਰਨ, ਈਸਟ ਰੈਨਫਰੂਸ਼ਾਇਰ ਕੌਂਸਲ ਪ੍ਰੋਵੋਸਟ ਨੇਰੀ ਮੌਂਟਗਿਊ, ਲੌਰਡ ਚਾਰਲਸ ਬਰੂਸ, ਐੱਮ ਐੱਸ ਪੀ ਜੈਕੀ ਬੇਲੀ, ਸਕਾਟਿਸ਼ ਲੇਬਰ ਪ੍ਰਮੁੱਖ ਅਨਸ ਸਰਵਰ ਆਦਿ ਵੱਲੋਂ ਅਦਾ ਕੀਤੀ ਗਈ। ਸਮਾਗਮ ਦੌਰਾਨ ਹਰ ਪੇਸ਼ਕਾਰੀ ਜਾਂ ਬੁਲਾਰੇ ਤੋਂ ਬਾਅਦ ਵੱਜਦੀਆਂ ਤਾੜੀਆਂ ਹੋਏ ਬੇਹੱਦ ਇਕੱਠ ਦੀ ਹਾਜ਼ਰੀ ਦਿਖਾ ਰਹੀਆਂ ਸਨ। ਰਾਸ਼ਟਰੀ ਗਾਣ ਉਪਰੰਤ ਭਾਰਤ ਤੋਂ ਆਏ ਡਾਂਸ ਗਰੁੱਪ ਲੋਕ ਚੰਦਾ, ਮਨਿਸਟਰੀ ਆਫ ਇੰਡੀਆ ਵੱਲੋਂ ਭੇਜੇ ਭਾਰਤ ਨਾਟਿਅਮ ਨਿਰਤਕਾਂ, ਸਥਾਨਕ ਕਲਾਕਾਰਾਂ ਦੇਸੀ ਬਰੇਵਹਾਰਟ, ਗਾਇਕ ਅਭਿਜੀਤ ਕੜਵੇ ਆਦਿ ਵੱਲੋਂ ਆਪਣੀ ਪੇਸ਼ਕਾਰੀ ਰਾਹੀਂ ਵਾਹ ਵਾਹ ਹਾਸਲ ਕੀਤੀ ਗਈ। ਸਮਾਗਮ ਦੀ ਸਫਲਤਾ ਲਈ ਸੋਹਣ ਸਿੰਘ ਰੰਧਾਵਾ, ਸ੍ਰੀਮਤੀ ਮਰਿਦੁਲਾ ਚਕਰਬਰਤੀ, ਅਮ੍ਰਿਤਪਾਲ ਕੌਸ਼ਲ ਵੱਲੋਂ ਏ.ਆਈ.ਓ. ਦੇ ਸਮੂਹ ਮੈਂਬਰਾਨ ਦੀ ਤਰਫੋਂ ਬੁਲਾਰਿਆਂ, ਕਲਾਕਾਰਾਂ ਤੇ ਹਾਜ਼ਰ ਭਾਈਚਾਰੇ ਦੇ ਲੋਕਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
Boota Singh Basi
President & Chief Editor